← ਪਿਛੇ ਪਰਤੋ
ਅਸ਼ੋਕ ਵਰਮਾ
- ਬਾਹਰੀ ਆਵਾਜਾਈ ਰੋਕਣ ਲਈ ਲਗਾਏ ਨਾਕੇ 'ਤੇ ਪਹਿਰਾ ਦੇਣਾ ਕੀਤਾ ਸ਼ੁਰੂ
ਬਠਿੰਡਾ, 2 ਅਪ੍ਰੈਲ 2020 - ਵਿਸ਼ਵ ਵਿਆਪੀ ਮਹਾਮਾਰੀ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਇਸ ਤੋਂ ਬਚਾਅ ਲਈ ਪਿੰਡਾਂ ਦੇ ਆਮ ਲੋਕ ਵੀ ਸੁਚੇਤ ਹੋਣੇ ਸ਼ੁਰੂ ਹੋ ਗਏ ਹਨ। ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਇਸ ਵਾਇਰਸ ਨੂੰ ਰੋਕਣ ਦੇ ਲਈ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਵਲੋਂ ਪੁਲਿਸ ਨੂੰ ਪੂਰਨ ਸਹਿਯੋਗ ਦਿੰਦਿਆਂ ਬਾਹਰੀ ਆਵਾਜਾਈ ਨੂੰ ਰੋਕਣ ਲਈ ਨਾਕੇ ਲਗਾਉਣ ਤੋਂ ਇਲਾਵਾ ਪਿੰਡਾਂ ਵਿੱਚ ਪਹਿਰਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਜਿੰਦਰ ਸਿੰਘ ਜੱਸਲ ਦੱਸਿਆ ਕਿ ਗ੍ਰਾਮ ਪੰਚਾਇਤ ਨੇਹੀਆ ਵਾਲਾ ਵਲੋਂ ਪਿੰਡ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰੀ ਆਵਾਜਾਈ ਨੂੰ ਰੋਕਣ ਲਈ ਪਿੰਡ ਅੰਦਰ ਪ੍ਰਵੇਸ਼ ਹੋਣ ਵਾਲਿਆਂ ਨਾਕੇ ਲਗਾ ਕੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਕੋਰੋਨਾ ਮਹਾਮਾਰੀ ਦੇ ਖਿਲਾਫ਼ ਬੈਨਰ ਲਗਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਕੋਠੇ ਕੌਰ ਸਿੰਘ ਵਾਲੇ ਦੀ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਵੀ ਪਿੰਡ ਦੇ ਸਾਰੇ ਰਸਤਿਆਂ 'ਤੇ ਨਾਕੇ ਆਦਿ ਲਗਾ ਕੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੋਠੇ ਫੂਲਾ ਸਿੰਘ ਅਤੇ ਬੀਬੀ ਵਾਲਾ ਵਿਖੇ ਵੀ ਪਿੰਡ ਵਾਸੀਆਂ ਵਲੋਂ ਸਾਂਝੀਆਂ ਕਮੇਟੀਆਂ ਬਣਾ ਕੇ ਨਾਕੇ ਲਗਾਉਣ ਦੇ ਨਾਲ-ਨਾਲ ਪਿੰਡ ਪੱਧਰ 'ਤੇ ਪਹਿਰਾ ਵੀ ਦਿੱਤਾ ਜਾ ਰਿਹਾ ਹੈ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਸੁਚੇਤ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦਾ ਸਖ਼ਤੀ ਨਾਲ ਪਾਲਣ ਕਰਨ ਤਾਂ ਜੋ ਕੋਵਿਡ 19 ਬਿਮਾਰੀ ਨੂੰ ਅੱਗੇ ਫੈਲਣ ਤੋਂ ਆਪਾ ਰੋਕ ਸਕੀਏ। ਉਨ੍ਹਾਂ ਕਿਹਾ ਕਿ ਆਪਸੀ ਸੰਪਰਕ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ ਅਤੇ ਬਹੁਤ ਐਂਮਰਜੈਂਸੀ ਵਿਚ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ।
Total Responses : 266