ਅਸ਼ੋਕ ਵਰਮਾ
ਬਠਿੰਡਾ, 2 ਅਪ੍ਰੈਲ 2020 - ਬਾਬਾ ਫਰੀਦ ਗਰੁੱਪ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਹੋਏ ਲਾਕ ਡਾਊਨ ਦੌਰਾਨ ‘ਮਾਈਕ੍ਰੋਸਾਫਟ’ ਦੇ ਸਹਿਯੋਗ ਨਾਲ ਇਸ ਦੀ ਬਹੁਤ ਹੀ ਆਧੁਨਿਕ ਤਕਨੀਕ ‘ਮਾਈਕ੍ਰੋਸਾਫ਼ਟ ਟੀਮਜ਼’ ਰਾਹੀਂ ਆਨ-ਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ । ਬੀ.ਐਫ.ਜੀ.ਆਈ. ਦੇ ਤਮਾਮ ਅਧਿਆਪਕ ‘ਮਾਈਕ੍ਰੋਸਾਫ਼ਟ ਟੀਮਜ਼’ ਦੁਆਰਾ ਕਾਲਜ ਦੇ ਰੈਗੂਲਰ ਟਾਇਮ ਟੇਬਲ ਅਨੁਸਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆਨ-ਲਾਈਨ ਕਲਾਸਾਂ ਲੈ ਰਹੇ ਹਨ ਅਤੇ ਵਰਤਮਾਨ ਸਮੈਸਟਰ ਦਾ ਬਾਕੀ ਰਹਿੰਦਾ ਸਾਰਾ ਪਾਠਕ੍ਰਮ ਪੂਰਾ ਕਰਵਾ ਰਹੇ ਹਨ। ਇਸ ਲਈ ਕਲਾਸ ਅਨੁਸਾਰ ਬੱਚਿਆਂ ਦਾ ਆਨ ਲਾਈਨ ਇੱਕ ਚੈਨਲ ਬਣਾਇਆ ਗਿਆ ਹੈ ਜਿਸ ਵਿੱਚ ਦਿਨਾਂ ਅਤੇ ਵਿਸ਼ੇ ਮੁਤਾਬਕ ਹਰ ਤਰਾਂ ਦੀ ਪਾਠ ਸਮੱਗਰੀ ਪਹਿਲਾਂ ਹੀ ਅਪਲੋਡਡ ਹੈ। ਹਰ ਰੋਜ਼ ਸਵੇਰੇ 9 ਵਜੇ ਸਾਰੇ ਵਿਦਿਆਰਥੀਆਂ ਦੀ ਬਕਾਇਦਾ ਹਾਜ਼ਰੀ ਲਗਾਈ ਜਾਂਦੀ ਹੈ ਅਤੇ ਸ਼ਾਮ 5 ਵਜੇ ਤੱਕ ਰੈਗੂਲਰ ਕਲਾਸਾਂ ਦੀ ਤਰਾਂ ਟਾਇਮ ਟੇਬਲ ਅਨੁਸਾਰ ਸੰਬੰਧਿਤ ਵਿਸ਼ੇ ਬਾਰੇ ਆਨ-ਲਾਈਨ ਲੈਕਚਰ ਲਗਾਏ ਜਾ ਰਹੇ ਹਨ।
ਆਮ ਤੌਰ ਤੇ ਵਟਸਐਪ ਰਾਹੀਂ ਵੀਡਿਓ ਲੈਕਚਰ ਅਤੇ ਹੋਰ ਸਟੱਡੀ ਮੈਟੀਰੀਅਲ ਭੇਜਿਆ ਜਾਂਦਾ ਹੈ ਜਿਸ ਨੂੰ ਆਪਣੇ ਆਪ ਸਮਝਣ ਵਿੱਚ ਵਿਦਿਆਰਥੀਆਂ ਨੂੰ ਮੁਸ਼ਕਲ ਆਉਂਦੀ ਹੈ ਪਰ ‘ਮਾਈਕ੍ਰੋਸਾਫ਼ਟ ਟੀਮਜ਼’ ਨਾਲ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਇੱਕ ਰੈਗੂਲਰ ਕਲਾਸ ਰੂਮ ਦੀ ਤਰਾਂ ਸਿਲੇਬਸ ਨੂੰ ਬਹੁਤ ਹੀ ਸਰਲ ਢੰਗ ਨਾਲ ਸਮਝ ਸਕਦੇ ਹਨ।
ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਦੱਸਿਆ ਕਿ ਲਾਕ ਡਾਊਨ ਦੌਰਾਨ ਜਿਥੇ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਸੀ ਉਥੇ ਮਾਪਿਆਂ ਨੂੰ ਵਿਦਿਆਰਥੀਆਂ ਨੂੰ ਘਰ ਵਿੱਚ ਰੱਖਣਾ ਵੀ ਔਖਾ ਲੱਗ ਰਿਹਾ ਸੀ । ਹੁਣ ਇਸ ਉਪਰਾਲੇ ਸਦਕਾ ਵਿਦਿਆਰਥੀ ਨਾਰਮਲ ਦਿਨਾਂ ਵਾਂਗ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੂਰਾ ਦਿਨ ਆਪਣੀ ਪੜਾਈ ਨਾਲ ਜੁੜੇ ਰਹਿੰਦੇ ਹਨ ਅਤੇ ਇੰਝ ਲੱਗਦਾ ਹੈ ਜਿਵੇਂ ਵਿਦਿਆਰਥੀ ਪਹਿਲਾਂ ਵਾਂਗ ਸਕੂਲ ਕਾਲਜ ਗਏ ਹੋਣ।
ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ ਨੇ ਵੀ ਦੱਸਿਆ ਕਿ ਆਨ-ਲਾਈਨ ਕਲਾਸਾਂ ਦੇ ਚਲ ਰਹੇ ਲੈਕਚਰਾਂ ਦੀ ਨਿਗਰਾਨੀ ਦੌਰਾਨ ਉਹ ਬਹੁਤ ਹੀ ਉਤਸ਼ਾਹਿਤ ਹੋਏ ਜਦੋਂ ਲੈਕਚਰਾਰ ਪੁਸ਼ਪਿੰਦਰ ਸ਼ਰਮਾਂ ਦੇ ਆਨ-ਲਾਈਨ ਲੈਕਚਰ ਦੌਰਾਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇੇਸ਼ਨ ਛੇਵਾਂ ਸਮੈਸਟਰ ਦੀ ਵਿਦਿਆਰਥਣ ਪਿ੍ਰਆ ਨੇ ਆਪਣੇ ਸਾਥੀਆਂ ਨੂੰ ਅਧਿਆਪਕ ਦੀ ਥਾਂ ਖੁਦ ਦਿੱਤੇ ਵਿਸ਼ੇ ਬਾਰੇ ਆਨ ਲਾਈਨ ਪੜਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਹੈ ।
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ਰੰਸੀਪਲ ਡਾ. ਨਾਇਬ ਸਿੰਘ ਨੇ ਦੱਸਿਆ ਕਿ ‘ਮਾਈਕ੍ਰੋਸਾਫ਼ਟ ਟੀਮਜ਼’ ਸਾਫ਼ਟਵੇਅਰ ’ਚ ਆਨ ਲਾਈਨ ਕਲਾਸਾਂ ਲੈਣ ਦੀਆਂ ਬਹੁਤ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ ਜਿਵੇਂ ਵਿਦਿਆਰਥੀਆਂ ਨੂੰ ਇੱਕ ਗਰੁੱਪ ਜਾਂ ਕਲਾਸ ਬਣਾ ਕੇ ਜੋੜਨ, ਆਡਿਓ ਜਾਂ ਵੀਡਿਓ ਕਾਲ ਕਰਨ ਅਤੇ ਟੈਕਸਟ ਮੈਸੇਜ ਭੇਜਣ ਦੀ ਸੁਵਿਧਾ ਹੈ। ਅਧਿਆਪਕ ਆਪਣੇ ਦਿੱਤੇ ਹੋਏ ਆਨ-ਲਾਈਨ ਲੈਕਚਰ ਨੂੰ ਰਿਕਾਰਡ ਕਰ ਸਕਦਾ ਹੈ ਅਤੇ ਵਿਦਿਆਰਥੀ ਬਾਅਦ ਵਿੱਚ ਰਿਕਾਰਡ ਕੀਤੇ ਇਸ ਲੈਕਚਰ ਨੂੰ ਦੁਬਾਰਾ ਸੁਣ ਕੇ ਆਪਣੀ ਸ਼ੰਕਾ ਨੂੰ ਦੂਰ ਕਰ ਸਕਦੇ ਹਨ। ਇਸ ਦੇ ਨਾਲ ਹੀ ਲੈਕਚਰ ਉਪਰੰਤ ਅਸਾਈਨਮੈਂਟ/ਟੈੱਸਟ ਆਦਿ ਲੈਣ ਦੀ ਸੁਵਿਧਾ ਵੀ ਉਪਲੱਬਧ ਹੈ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਜੈ ਅਸੀਸ ਸੇਠੀ ਨੇ ਦੱਸਿਆ ਕਿ ਵਿਦਿਆਰਥੀਆਂ ਦੁਆਰਾ ਪੁੱਛੇ ਜਾਂਦੇ ਪ੍ਰਸ਼ਨਾਂ ਤੋਂ ਆਨ-ਲਾਈਨ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਗੰਭੀਰਤਾ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇੱਕ ਵਿਦਿਆਰਥੀ ਨੇ ਪ੍ਰਸ਼ਨ ਪੁੱਛਿਆ ਹੈ ਕਿ ਕੱਲ ਰਾਮਨੌਮੀ ਦੀ ਛੁੱਟੀ ਹੋਣ ਤੇ ਰੈਗੂਲਰ ਕਾਲਜ ਵਾਂਗ ਕੀ ਆਨ-ਲਾਈਨ ਕਲਾਸਾਂ ਵਿੱਚ ਵੀ ਛੁੱਟੀ ਹੋਵੇਗੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਵਿਦਿਆਰਥੀ ਰੈਗੂਲਰ ਕਲਾਸਾਂ ਵਾਂਗ ਹੀ ਆਨ ਲਾਈਨ ਕਲਾਸਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਜਿਸ ਗੰਭੀਰਤਾ ਨਾਲ ਆਨ-ਲਾਈਨ ਕਲਾਸਾਂ ਲਗਾ ਰਹੇ ਹਨ ਉਹ ਕਾਬਿਲੇ ਤਾਰੀਫ਼ ਹੈ। ਉਨਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਵੱਲੋਂ ਅਪਣਾਈ ਇਸ ਆਧੁਨਿਕ ਤਕਨੀਕ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਉਨਾਂ ਨੇ ਬਾਬਾ ਫ਼ਰੀਦ ਗਰੁੱਪ ਦੇ ਸਮੁੱਚੀ ਮੈਨੇਜਮੇਂਟ ਵੱਲੋਂ ਸੰਸਥਾ ਦੇ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਦੀ ਰੈਗੂਲਰ ਕਲਾਸਾਂ ਵਾਗ ਹੀ ਮਾਈਕ੍ਰੋਸਾਫ਼ਟ ਟੀਮਜ਼ ਰਾਹੀਂ ਆਨ-ਲਾਈਨ ਪੜਾਈ ਕਰਵਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।