ਸੰਜੀਵ ਸੂਦ
ਲੁਧਿਆਣਾ, 03 ਅਪ੍ਰੈਲ 2020 - ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੀ ਦੁਨੀਆਂ ਭਰ ਦੇ ਵਿੱਚ ਲਗਾਤਾਰ ਲੋਕਾਂ ਦੀ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਉੱਥੇ ਹੀ ਇਸਦਾ ਇੱਕ ਸਕਾਰਾਤਮਕ ਪੱਖ ਵੀ ਹੁਣ ਵਿਖਾਈ ਦੇਣ ਲੱਗਾ ਹੈ ਜਿੱਥੇ ਫੈਕਟਰੀਆਂ ਡਾਇੰਗ ਟ੍ਰੈਫਿਕ ਆਦਿ ਬੰਦ ਹੋਣ ਕਾਰਨ ਹਵਾ ਪ੍ਰਦੂਸ਼ਣ ਦੇ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਉਥੇ ਹੀ ਲੁਧਿਆਣਾ ਦਾ ਸਭ ਤੋਂ ਪ੍ਰਦੂਸ਼ਿਤ ਨਾਲਾ ਬੁੱਢਾ ਦਰਿਆ ਵੀ ਹੁਣ ਪਹਿਲਾਂ ਨਾਲੋਂ ਕੁਝ ਸਾਫ਼ ਵਿਖਾਈ ਦੇਣ ਲੱਗਾ ਹੈ ਜੀ ਹਾਂ ਬੁੱਢੇ ਨਾਲੇ ਦਾ ਪਾਣੀ ਹੁਣ ਕਾਲੇ ਤੋਂ ਭੂਰਾ ਯਾਨੀ ਮਿੱਟੀ ਰੰਗਾ ਹੋ ਗਿਆ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ 'ਚ ਫੈਕਟਰੀਆਂ ਡਾਇੰਗਾਂ ਅਤੇ ਲੁਧਿਆਣਾ ਦੀ ਸਨਅਤ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਸੀ।
ਸਿਰਫ ਲੁਧਿਆਣਾ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਸ਼ਹਿਰਾਂ 'ਚ ਵੀ ਹਵਾ ਪ੍ਰਦੂਸ਼ਣ 'ਚ ਗਿਰਾਵਟ ਦਰਜ ਹੋਈ ਹੈ। ਇਥੋਂ ਤੱਕ ਕਿ ਜੋ ਪਹਾੜੀਆਂ ਪਹਿਲਾਂ ਨਹੀਂ ਦਿਖਦੀਆਂ ਸਨ ਉਹ ਵੀ ਵਿਖਾਈ ਦੇਣ ਲੱਗੀਆਂ ਨੇ। ਰਾਤ ਨੂੰ ਅਸਮਾਨ 'ਚ ਤਾਰੇ ਵੱਡੀ ਤਾਦਾਦ 'ਚ ਵਿਖਾਈ ਦਿੰਦੇ ਨੇ ਅਤੇ ਬੁੱਢੇ ਨਾਲੇ ਦਾ ਪਾਣੀ ਜੋ ਬਿਲਕੁਲ ਕਾਲਾ ਅਤੇ ਗਾੜ੍ਹਾ ਸੀ ਉਹ ਵੀ ਭੂਰੇ ਰੰਗ ਦਾ ਹੋ ਗਿਆ ਹੈ। ਸਥਾਨਕ ਵਾਸੀ ਅਤੇ ਸਮਾਜ ਸੇਵੀ ਪ੍ਰਵੀਨ ਡੰਗ ਨੇ ਕਿਹਾ ਹੈ ਕਿ ਹੁਣ ਐੱਨਜੀਟੀ ਨੂੰ ਇਸ ਪਾਣੀ ਦੇ ਸੈਂਪਲ ਲੈਣੇ ਚਾਹੀਦੇ ਨੇ।
ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਅਕਸਰ ਇਸ ਨਾਲੇ ਦੀ ਸਫ਼ਾਈ ਸਬੰਧੀ ਪੱਲਾ ਝਾੜਦੀ ਰਹੀ ਹੈ ਪਰ ਫੈਕਟਰੀਆਂ ਅਤੇ ਡਾਇੰਗਾਂ ਬੰਦ ਹੋਣ ਨਾਲ ਬੁੱਢੇ ਨਾਲੇ ਦਾ ਪਾਣੀ ਸਾਫ ਹੋਇਆ ਹੈ ਉੱਥੇ ਹੀ ਨਾਲੇ ਚ ਵੱਡੀ ਤਦਾਦ 'ਚ ਪਿਆ ਕੂੜਾ ਵੀ ਵਿਖਾਈ ਦੇਣ ਲੱਗਾ ਹੈ। ਪ੍ਰਵੀਨ ਡੰਗ ਨੇ ਕਿਹਾ ਹੈ ਕਿ ਕਾਰਪੋਰੇਸ਼ਨ ਨੂੰ ਇਸ ਵੱਲ ਹੁਣ ਧਿਆਨ ਦੇਣਾ ਚਾਹੀਦਾ ਹੈ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਇਸ ਤੇ ਹੁਣ ਹਾਂ ਖਾਸ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਇਸ ਜ਼ਹਿਰੀਲੇ ਪਾਣੀ ਕਾਰਨ ਕਈ ਲੋਕ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਵੀ ਗ੍ਰਸਤ ਹੋਏ ਹਨ।