ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2020 - ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਇਕ ਤਿਹਾਈ ਬੈਂਕਾਂ ਖੋਲ੍ਹੀਆਂ ਗਈਆਂ ਸਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਵਾਰੋ ਵਾਰੀ ਹਰ ਰੋਜ ਇਕ ਤਿਹਾਈ ਬੈਂਕਾਂ ਖੋਲ੍ਹੀਆਂ ਜਾਇਆ ਕਰਣਗੀਆਂ ਤਾਂ ਜੋ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਕਸਦ ਦੀ ਪੂਰਤੀ ਵੀ ਕੀਤੀ ਜਾ ਸਕੇ ਅਤੇ ਲੋੜਵੰਦ ਲੋਕਾਂ ਤੱਕ ਨਗਦੀ ਦਾ ਪ੍ਰਵਾਹ ਵੀ ਹੋ ਸਕੇ। ਉਨਾਂ ਨੇ ਕਿਹਾ ਕਿ ਇਸ ਸਬੰਧੀ ਬੈਂਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬੈਂਕਾਂ ਵਿਚ ਗ੍ਰਾਹਕਾਂ ਦੀ ਭੀੜ ਨਾ ਜੁੜਨ ਦੇਣ ਅਤੇ ਗ੍ਰਾਹਕਾਂ ਦੇ ਉਡੀਕ ਕਰਨ ਵਾਲੀ ਥਾਂ ਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਢੁਕਵੇਂ ਇੰਤਜਾਮ ਕੀਤੇ ਗਏ ਹਨ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਪੀਲ ਕੀਤੀ ਕਿ ਬੈਂਕ ਵਿਚ ਨਗਦੀ ਲੈਣ ਲਈ ਉਹੀ ਆਵੇ ਜਿਸ ਕੋਲ ਏਟੀਐਮ ਦੀ ਸੁਵਿਧਾ ਨਾ ਹੋਵੇ ਅਤੇ ਬਹੁਤ ਜਰੂਰੀ ਹੋਵੇ। ਉਨਾਂ ਨੇ ਕਿਹਾ ਕਿ ਜਿਹੜੇ ਲੋਕ ਡਿਜਟਿਲ ਲੈਣਦੇਣ ਕਰ ਸਕਦੇ ਹਨ ਉਹ ਆਨਲਾਈਨ ਲੈਣਦੇਣ ਨੂੰ ਪਹਿਲ ਦੇਣ ਤਾਂ ਜੋ ਅਸੀਂ ਕਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਖਿਲਾਫ ਆਪਣੀ ਜੰਗ ਵਿਚ ਜਿੱਤ ਹਾਸਲ ਕਰ ਸਕੀਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਦੀਆਂ ਬੈਂਕਾਂ ਵਿਚ ਕੁੱਲ 21107 ਲੋਕਾਂ ਨੇ ਲੈਣਦੇਣ ਕੀਤਾ। ਇੰਨਾਂ ਵਿਚੋਂ ਜਿਆਦਾਤਰ ਪੈਨਸ਼ਨਰ ਸਨ।
ਓਧਰ ਐਲਡੀਐਮ ਸ੍ਰੀ ਜੈਸੰਕਰ ਸ਼ਰਮਾ ਨੇ ਕਿਹਾ ਕਿ ਇਸ ਤੋਂ ਬਿਨਾਂ ਜ਼ਿਲੇ ਵਿਚ ਵੱਖ ਵੱਖ ਬੈਂਕਾਂ ਦੇ 331 ਕਾਰੋਬਾਰੀ ਨੁੰਮਾਇੰਦੇ (CSP, BC,AEPS) ਹਰ ਰੋਜ ਲੈਣਦੇਣ ਕਰ ਸਕਦੇ ਹਨ ਅਤੇ 350 ਤੋਂ ਵੱਧ ਏਟੀਐਮ ਵੀ ਹਰ ਰੋਜ ਖੁੱਲ ਰਹੇ ਹਨ ਤਾਂ ਜੋ ਲੋਕਾਂ ਕੋਲ ਨਗਦੀ ਦੀ ਘਾਟ ਨਾ ਆਵੇ। ਇਸ ਤੋਂ ਬਿਨਾਂ ਅਧਾਰ ਅਧਾਰਤ ਧਨ ਨਿਕਾਸੀ ਪ੍ਰਣਾਲੀ, ਪੋਸਟਲ ਬੈਂਕ ਰਾਹੀਂ ਵੀ ਲੋਕ ਧਨ ਨਿਕਾਸੀ ਕਰ ਸਕਦੇ ਹਨ ਜਦ ਕਿ ਇਕ ਤਿਹਾਈ ਬੈਂਕ ਸ਼ਾਖਾਵਾਂ ਵਾਰੋ ਵਾਰੀ ਖੁਲੱਦੀਆਂ ਰਹਿਣਗੀਆਂ। ਉਨਾਂ ਨੇ ਦੱਸਿਆ ਕਿ ਬੈਂਕਾਂ ਵਿਚ ਸੈਨੈਟਾਈਜਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਬੈਂਕਾਂ ਦੇ ਬਾਹਰ ਗ੍ਰਾਹਕਾਂ ਦੀ ਉਡੀਕ ਲਈ ਉਚਿਤ ਵਿਵਸਥਾ ਵੀ ਕੀਤੀ ਗਈ ਹੈ।