ਹਰਿੰਦਰ ਨਿੱਕਾ
- ਬਿਨਾਂ ਕਿਸੇ ਐਮਰਜੈਂਸੀ ਤੋਂ ਦੂਰ ਦੇ ਹਸਪਤਾਲ ਜਾਣ ਤੋਂ ਕੀਤਾ ਜਾਵੇ ਗੁਰੇਜ਼
- ਸਿਵਲ ਸਰਜਨ ਵੱਲੋਂ ਸਿਹਤ ਸਲਾਹ
ਬਰਨਾਲਾ, 4 ਅਪ੍ਰੈਲ 2020 - ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਅਤੇ ਜ਼ਿਲਾ ਵਾਸੀਆਂ ਨੂੰ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਦਾ ਅਮਲਾ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਿਹਾ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿੱਚ ਹੁਣ ਤਕ ਕੋਰੋਨਾ ਵਾਇਰਸ ਦਾ ਕੋਈ ਪਾਜ਼ੇੇਟਿਵ ਕੇਸ ਨਹੀਂ ਹੈ, ਪਰ ਲੋਕ ਇਹਤਿਆਤ ਜ਼ਰੂਰ ਵਰਤਣ। ਉਨਾਂ ਜ਼ਿਲਾ ਬਰਨਾਲਾ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਜਾਂਚ ਲਈ ਆਪਣੇ ਘਰ ਤੋਂ ਦੂਰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਦੀ ਬਜਾਏ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾਵਾਂ (ਸਬ-ਸੈਂਟਰ, ਕਮਿਊਨਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਤੇ ਹੈਲਥ ਐਂਡ ਵੈਲਨੈੱਸ ਸੈਂਟਰ ਆਦਿ) ਵਿੱਚ ਪਹੁੰਚ ਕਰਨ, ਇਨਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਾਰਾ ਸਿਹਤ ਸਟਾਫ ਡਿਊਟੀ ਦੇ ਰਿਹਾ ਹੈ। ਉਨਾਂ ਕਿਹਾ ਕਿ ਸਾਰਾ ਸਿਹਤ ਵਿਭਾਗ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਲੋਕਾਂ ਦੀ ਸਿਹਤ ਸੰਭਾਲ ਲਈ ਕੰਮ ਕਰ ਰਿਹਾ ਹੈ।
ਉਨਾਂ ਕਿਹਾ ਕਿ ਹਰ ਇਕ ਨਾਗਰਿਕ ਆਪਣੇ ਜਿੰਮੇਵਾਰੀ ਸਮਝਦੇ ਹੋਏ ਘਰਾਂ ਵਿੱਚ ਹੀ ਰਹੇ ਤਾਂ ਜੋ ਉਹ ਕਰੋਨਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਨਾ ਆਵੇ। ਉਨਾਂ ਕਿਹਾ ਕਿ ਘਰ ਵਿੱਚ ਰਹਿ ਕੇ ਆਪਣੇ ਹੱਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਸਾਨੂੰ ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਜਾਂ ਐਲਕੋਹਲ ਯੁਕਤ ਹੈਂਡ ਸੈਨੀਟਾਇਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਤੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਖਾਂਸੀ ਕਰਦੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢਕੇ , ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲੇ ਤੇ ਹੱਥ ਨਾ ਮਿਲਾਇਆ ਜਾਵੇ। ਦੂਜੇ ਵਿਅਕਤੀਆਂ ਦੁਆਰਾ ਵਰਤੀਆਂ ਗਈਆਂ ਆਮ ਵਰਤੋ ਵਾਲੀਆਂ ਚੀਜ਼ਾਂ( ਦਰਵਾਜ਼ੇ ਦਾ ਕੁੰਡਾ, ਹੈਂਡਲ, ਪੈਨ ਆਦਿ) ਨੂੰ ਛੂਹਣ ਤੋਂ ਪਰਹੇਜ਼ ਕਰੋ। ਜੇਕਰ ਛੂਹ ਵੀ ਲਿਆ ਤਾਂ ਬਾਅਦ ਵਿੱਚ ਸਾਬਣ ਤੇ ਪਾਣੀ ਨਾਲ ਚੰਗੀ ਤਰਾਂ ਹੱਥ ਧੋਤੇ ਜਾਣ। ਉਨਾਂ ਕਿਹਾ ਕਿ ਜੇਕਰ ਕਿਸੇ ਨੇ ਇਸ ਸਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੈਸ਼ਨਲ ਕਾਲ ਸੈਂਟਰ ਅਧੀਨ 011 2397 8046 ਅਤੇ ਜ਼ਿਲਾ ਕੰਟਰੋਲ ਅਧੀਨ 01679-234777, 98721-95649, 76528-95649, 99153-05649 ਨੰਬਰ ਜਾਰੀ ਕੀਤਾ ਗਿਆ ਹੈ।