- ਪੂਰੀ ਤਨਖਾਹ ਜਾਰੀ ਕਰਨ ਤੇ ਮੁਲਾਜ਼ਮਾਂ ਨੂੰ ਨਿੱਜੀ ਸੁਰੱਖਿਆ ਸਾਧਨ ਮੁਹੱਈਆ ਕਰਨ ਦੀ ਮੰਗ
ਲੁਧਿਆਣਾ, 04 ਅਪ੍ਰੈਲ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋ ਸੂਬੇ ਦੇ ਹਜ਼ਾਰਾਂ ਰੈਗੂਲਰ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖਾਹ 'ਤੇ 40 ਫੀਸਦੀ ਕੱਟ ਲਾਉਣ ਦੇ ਹੁਕਮਾਂ ਵਿਰੁੱਧ ਮੁਲਾਜ਼ਮ ਚ ਬੇਚੈਨੀ ਤੇ ਗੁੱਸਾ ਫੈਲ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਰਫਿਊ ਕਾਰਨ ਅਦਾਇਗੀਆਂ ਰੁਕਣ ਤੇ ਸਰਕਾਰ ਵਲੋ ਦਿੱਤੀਆਂ ਛੋਟਾਂ ਕਰਕੇ ਪਾਵਰਕਾਮ ਦੇ ਰੈਵਨਿਊ ਚ 500 ਕਰੋੜ ਦੀ ਕਮੀ ਆਈ ਹੈ ਜਿਸ ਕਰਕੇ ਪਾਵਰਕਾਮ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣਾ ਦਾ ਸੰਕਟ ਖੜ੍ਹਾ ਹੋ ਗਿਆ ਹੈ ਜਿਸ ਚੋ ਨਿਕਲਣ ਲਈ ਰੈਗੂਲਰ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖਾਹ ਚ 40 ਫੀਸਦੀ ਕਟੌਤੀ ਕਰਕੇ ਜਾਰੀ ਕਰਨ ਦੇ ਹੁਕਮ ਕੀਤੇ ਹਨ।
ਇਸ ਨੂੰ ਨਾ ਹੱਕੀ ਤੇ ਕਾਰਪੋਰੇਸ਼ਨ ਦੀ ਨਾਦਰਸ਼ਾਹੀ ਕਰਾਰ ਦਿੰਦਿਆਂ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਤੇ ਜਨਰਲ ਸਕੱਤਰ ਨਰਿੰਦਰ ਸਿੰਘ ਸੈਣੀ ,ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ ) ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਆਗੂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ ,ਜਗਦੀਸ ਸਿੰਘ ਚਾਹਲ,ਰਣਜੀਤ ਸਿੰਘ ਰਾਣਵਾਂ ,ਗੁਰਮੇਲ ਸਿੰਘ ਮੈਲਡੇ ਨੇ ਇਸਨੂੰ ਵਾਪਸ ਲੈਣ ਤੇ ਪੂਰੀ ਤਨਖਾਹ ਜਾਰੀ ਕਰਨ ਲਈ ਬਣਦੇ ਇੰਤਜ਼ਾਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਮੁਲਾਜ਼ਮ ਆਪਣੀ ਜਾਨ ਵੀ ਜੋਖਮ ਚ ਪਾ ਕੇ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਰੱਖਕੇ ਇਸ ਮਹਾਂਮਾਰੀ ਸੰਕਟ ਚੋ ਸੂਬੇ ਨੂੰ ਕੱਢਣ ਲਈ ਸਰਕਾਰ ਤੇ ਕਾਰਪੋਰੇਸ਼ਨ ਦਾ ਸਹਿਯੋਗ ਕਰ ਰਹੇ ਹਨ।
ਇਸ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ 'ਤੇ ਤਨਖਾਹ ਕਟੌਤੀ ਥੋਪ ਕੇ ਆਰਥਕ ਸੰਕਟ ਵਲ ਧੱਕਿਆ ਜਾ ਰਿਹਾ ਹੈ ਜਿਸ ਬਾਰੇ ਮੁਲਾਜ਼ਮਾਂ ਚ ਕਾਫ਼ੀ ਗੁੱਸਾ ਹੈ। ਇਸ ਔਖੀ ਘੜੀ ਮੁਲਾਜ਼ਮ ਜੱਥੇਬੰਦੀਆਂ ਸੰਘਰਸ਼ ਦਾ ਰਾਹ ਅਖਤਿਆਰ ਕਰਕੇ ਕਾਰਪੋਰੇਸ਼ਨ ਤੇ ਸੂਬੇ ਦੇ ਲੋਕਾਂ ਲਈ ਕੋਈ ਸਮੱਸਿਆ ਖੜ੍ਹੀ ਨਹੀ ਕਰਨੀਆਂ ਚਾਹੁੰਦੀਆਂ ਪਰ ਉਹ ਇਸ ਨਾਦਰਸ਼ਾਹੀ ਨੂੰ ਵੀ ਸਹਿਣ ਨਹੀਂ ਕਰਨਗੀਆਂ। ਉਨ੍ਹਾਂ ਇਸ ਆਰਥਕ ਸੰਕਟ ਚੋ ਨਿਕਲਣ ਲਈ ਜਿਥੇ ਕਾਰਪੋਰੇਸ਼ਨ ਨੂੰ ਵੱਡੇ ਸਨਅਤੀ ਘਰਾਣਿਆਂ ਤੇ ਅਸਰ ਰਸੂਖ ਵਾਲੇ ਲੋਕਾਂ ਵੱਲ ਕਰੋੜਾਂ ਦੇ ਬਕਾਇਆ ਬਿਜਲੀ ਬਿਲ ਸਖ਼ਤੀ ਨਾਲ ਉਗਰਾਹੁਣ ਲਈ ਕਿਹਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਕਰੋੜਾਂ ਦੀ ਬਕਾਇਆ ਪਈ ਸਬਸਿਡੀ ਦੀ ਰਾਸ਼ੀ ਜਾਰੀ ਕਰੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਮਾਸਕ, ਦਾਸਤਾਨੇ, ਸੈਟਰਰਾਈਜਨ ਤੇ ਹੋਰ ਨਿੱਜੀ ਸੁਰਖਿਆ ਸਾਧਨ ਮੁਹੱਈਆ ਕੀਤੇ ਜਾਣ ਤੇ ਉਨ੍ਹਾਂ ਦਾ ਇਕ ਇਕ ਕਰੋੜ ਦਾ ਨਿੱਜੀ ਬੀਮਾ ਵੀ ਕਰਾਉਣ ਲਈ ਕਿਹਾ।