ਚੌਧਰੀ ਮਨਸੂਰ ਘਨੋਕੇ
ਕਾਦੀਆਂ, 4 ਅਪ੍ਰੈਲ 2020 - ਕਾਦੀਆਂ, ਅੰਮ੍ਰਿਤਸਰ (ਪੰਜਾਬ) ਸਮੇਤ ਹੋਰ ਥਾਂਵਾ ਤੇ ਕੋਰੋਨਾ ਵਾਇਰਸ ਦੇ ਕਾਰਨ ਭਾਰਤ-ਪਾਕਿਸਤਾਨ ਦੇ ਬਾਰਡਰ ਬੰਦ ਹੋ ਜਾਣ ਕਾਰਨ ਜਿਹੜੇ ਪਾਕਿਸਤਾਨੀ ਭਾਰਤ 'ਚ ਫਸ ਗਏ ਹਨ, ਉਨ੍ਹਾਂ ਦੀ ਛੇਤੀ ਪਾਕਿਸਤਾਨ ਵਾਪਿਸੀ ਦੀ ਕੋਈ ਉਮੀਦ ਨਹੀਂ ਹੈ। ਕਿਉਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਇਨ੍ਹਾਂ ਪਾਕਿਸਤਾਨੀਆਂ ਨੂੰ ਪਾਕਿਸਤਾਨ ਵਾਪਿਸ ਜਾਣ ਲਈ ਕਲੀਅਰੈਂਸ ਨਹੀਂ ਮਿਲ ਰਹੀ ਹੈ। ਪਾਕਿਸਤਾਨੀ ਦੂਤਾਵਾਸ ਨੂੰ ਕਾਦੀਆਂ, ਅੰਮ੍ਰਿਤਸਰ ਸਮੇਤ ਕੁੱਝ ਫ਼ਸੇ ਹੋਏ ਪਾਕਿਸਤਾਨੀ ਨਾਗਰਿਕਾਂ ਨੇ ਆਪਣੇ ਦੇਸ਼ ਪਰਤਨ ਲਈ ਬਾਰਡਰ ਖੋਲ੍ਹੇ ਜਾਣ ਦੀ ਅਪੀਲ ਕੀਤੀ ਸੀ।
ਜਿਸ 'ਤੇ ਪਾਕਿਸਤਾਨੀ ਦੂਤਾਵਾਸ ਨੇ ਇਨ੍ਹਾਂ ਨਾਗਰਿਕਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਵਾਪਿਸ ਜਾਣ ਦੇ ਇਛੁੱਕ ਪਾਕਿਸਤਾਨੀ ਨਾਗਰਿਕਾਂ ਦੀ ਲਿਸਟ ਦੇ ਦਿੱਤੀ ਹੈ। ਪਰ ਵਿਦੇਸ਼ ਮੰਤਰਾਲੇ ਭਾਰਤ ਵੱਲੋਂ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਆਇਆ ਹੈ। ਜਿਵੇਂ ਹੀ ਵਿਦੇਸ਼ ਮੰਤਰਾਲਾ ਕਲੀਅਰੈਂਸ ਦਿੰਦਾ ਹੈ ਤਾਂ ਭਾਰਤ 'ਚ ਕੋਵਿਡ-19 ਕਰਕੇ ਫ਼ਸੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਿਸ ਪਾਕਿਸਤਾਨ ਭੇਜ ਦਿੱਤਾ ਜਾਵੇਗਾ। ਕਾਦੀਆਂ 'ਚ ਆਈ ਅਮਤੁੱਲ ਬਾਸਿਤ, ਅਮਤੁਲ ਹਕੀਮ ਅਤੇ ਏਹਸਾਨ ਅਹਿਮਦ ਹਨ ਜਿਨ੍ਹਾਂ ਨੇ 18 ਮਾਰਚ ਨੂੰ ਭਾਰਤ-ਪਾਕਿਸਤਾਨ ਬਾਰਡਰ ਕਰਾਸ ਕਰਨਾ ਸੀ ਪਰ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਇਸ ਕਰਕੇ ਰੋਕ ਦਿਤਾ ਸੀ ਕਿ ਦੋਂਵੇ ਪਾਸੇ ਕੋਰੋਨਾ ਕਾਰਨ ਬਾਰਡਰ ਬੰਦ ਹੋ ਚੁੱਕੇ ਹਨ।
ਜਿਸ ਕਰਕੇ ਇਹ ਨਾਗਰਿਕ ਇੱਥੇ ਫ਼ਸੇ ਹੋਏ ਹਨ। ਇਸੇ ਤਰ੍ਹਾਂ ਪੁਲਿਸ ਜ਼ਿਲ੍ਹਾ ਬਟਾਲਾ 'ਚ ਪਾਕਿਸਤਾਨ ਦੇ ਹਿੰਦੂ ਪਰਿਵਾਰਾਂ ਦੇ ਹੀ ਅਸ਼ੀਸ਼ ਕਪੂਰ, ਅਨਿਲ ਕਪੂਰ ਜੋ ਕਿ ਪਾਕਿਸਤਾਨ ਤੋਂ ਆਏ ਹੋਏ ਹਨ ਕੋਰੋਨਾ ਵਾਈਰੇਸ ਦੇ ਕਾਰਨ ਵਾਪਿਸ ਪਾਕਿਸਤਾਨ ਨਹੀਂ ਜਾ ਸਕੇ ਹਨ। ਜਦਕਿ ਇਨ੍ਹਾਂ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਸਮਾਪਤ ਹੋ ਚੁੱਕੇ ਹਨ। ਹਾਲਾਂਕਿ ਵਿਦੇਸ਼ ਮੰਤਰਾਲੇ ਭਾਰਤ ਸਰਕਾਰ ਵਲੋਂ ਕੋਵਿਡ-19 ਕਾਰਨ ਫ਼ਸੇ ਸਾਰੇ ਨਾਗਰਿਕਾਂ ਦੇ 30 ਅਪ੍ਰੈਲ ਤੱਕ ਵੀਜ਼ੇ ਦੀ ਮਿਆਦ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।
ਇੱਕ ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਦੂਤਾਵਾਸ ਵਲੋਂ ਦੱਸਿਆ ਗਿਆ ਸੀ ਕਿ 4 ਅਪ੍ਰੈਲ ਨੂੰ ਉਨ੍ਹਾਂ ਦੀ ਪਾਕਿਸਤਾਨ ਵਾਪਿਸੀ ਹੋਵੇਗੀ। ਜਿਸਦੇ ਲਈ ਉਨ੍ਹਾਂ ਵਾਹਨ ਨੰਬਰ, ਡਰਾਈਵਰ ਦਾ ਨਾਂਅ ਅਤੇ ਉਸਦਾ ਆਧਾਰ ਕਾਰਡ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਪਾਸਪੋਰਟਾਂ ਦਾ ਬਿਉਰਾ ਮੰਗ ਲਿਆ ਸੀ ਅਤੇ ਇਨ੍ਹਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੀ। ਪਰ ਅੱਜ ਉਨ੍ਹਾਂ ਦੀ ਵਾਪਿਸੀ ਨਹੀਂ ਹੋ ਸਕੀ। ਇਨ੍ਹਾਂ ਨੂੰ ਪਾਕਿਸਤਾਨੀ ਦੂਤਾਵਾਸ ਨੇ ਦੱਸਿਆ ਕਿ ਸਾਡੇ ਵਲੋਂ ਮਾਮਲਾ ਕਲੀਅਰ ਹੈ। ਉਹ ਭਾਰਤ ਸਰਕਾਰ ਦੇ ਜਵਾਬ ਦੀ ਇੰਤਜ਼ਾਰ ਕਰ ਰਹੇ ਹਨ।
ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਨਾਗਰਿਕਾਂ ਦਾ ਪੂਰਾ ਖ਼ਿਆਲ ਕੀਤਾ ਜਾ ਰਿਹਾ ਹੈ ਅਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਕੇਵਲ ਮਰੀਜ਼ਾ ਨੂੰ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਰਹੀ ਹੈ। ਜਦਕਿ ਆਮ ਪਾਕਿਸਤਾਨੀ ਨਾਗਰਿਕਾਂ ਦੇ 14 ਅਪ੍ਰੈਲ ਤੋਂ ਬਾਅਦ ਹੀ ਵਾਪਿਸ ਪਾਸਿਕਤਾਨ ਜਾਣ ਦੀ ਸੰਭਾਵਨਾ ਹੈ।