ਅਸ਼ੋਕ ਵਰਮਾ
- ਮੈਡੀਕਲ ਪੈਕਟੀਸਨਰਜ ਵੱਲੋਂ ਮੁੱਖ ਮੰਤਰੀ ਦੇ ਦਖਲ ਦੀ ਮੰਗ
ਮਾਨਸਾ, 4 ਅਪ੍ਰੈਲ 2020 - ਮੈਡੀਕਲ ਪੈਕਟੀਸਨਰਜ ਐਸੋਸੀਏਸ਼ਨ ਪੰਜਾਬ ਨੇ ਰਾਜ ਵਿੱਚ ਸਿਹਤ ਸੇਵਾਵਾਂ ’ਚ ਆਏ ਨਿਘਾਰ ਅਤੇ ਨਿੱਜੀ ਹਸਪਤਾਲਾਂ ’ਚ ਕੰਮ ਠੱਪ ਹੋਣ ਨੂੰ ਲੈਕੇ ਚਿੰਤਾ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਮੋਗਾ ਜਿਲ੍ਹੇ ਦੇ ਧਰਮਕੋਟ ਇਲਾਕੇ ਦੇ ਪਿੰਡ ਲੋਹਗੜ ਦੀ ਇੱਕ ਗਰਭਵਤੀ ਮਹਿਲਾ ਵੱਲੋਂ ਜਨਮ ਪੀੜਾਂ ਦੇ ਚੱਲਦਿਆਂ ਰਾਤ ਨੂੰ ਡਲਿਵਰੀ ਲਈ ਧਰਮਕੋਟ ਦੇ ਸਰਕਾਰੀ ਹਸਪਤਾਲ ਕਿਸੇ ਵੀ ਡਾਕਟਰ ਦੇ ਹਾਜਰ ਨਾ ਮਿਲਣ ਨੂੰ ਮੰਦਭਾਗਾ ਦੱਸਿਆ ਹੈ। ਐਸੋਸੀਏਸ਼ਨ ਨੇ ਪ੍ਰਾਈਵੇਟ ਨਰਸਿੰਗ ਹੋਮ ਨੂੰ ਲੱਗੇ ਜਿੰਦੇ ਤੇ ਸਖਤ ਇਤਰਾਜ ਜਾਹਰ ਕਰਦਿਆਂ ਆਖਿਆ ਕਿ ਕੋਰੋਨਾ ਵਾਇਰਸ ਕਾਰਨ ਬਣੇ ਮਹੌਲ ਕਾਰਨ ਮਾੜੇ ਪ੍ਰਬੰਧਾਂ ਦੀ ਇਹ ਇੰਤਹਾ ਹੈ ਜਿਸ ਤੋਂ ਸਰਕਾਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਹੈ। ਆਗੂਆਂ ਨੇੇ ਇਸ ਮਾਮਲੇ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਨਿਭਾਏ ਰੋਲ ਦੀ ਭਰਪੂਰ ਸਲਾਘਾ ਵੀ ਕੀਤੀ ਹੈ ।
ਮੈਡੀਕਲ ਪੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ: ਸਕੱਤਰ ਕੁਲਵੰਤ ਰਾਏ ਪੰਡੋਰੀ, ਜਿਲਾ ਮਾਨਸਾ ਦੇ ਪ੍ਰਧਾਨ ਰਘਬੀਰ ਚੰਦ ਸਰਮਾ, ਸਕੱਤਰ ਹਰਚੰਦ ਸਿੰਘ,ਚੇਅਰਮੈਨ ਤਾਰਾ ਚੰਦ ਭਾਵਾ,ਅਸੋਕ ਕੁਮਾਰ,ਪੇ੍ਮ ਗਰਗ ਆਦਿ ਆਗੂਆਂ ਨੇ ਦੱਸਿਆ ਕਿ ਪ੍ਰੀਵਾਰ ਜਦੋਂ ਔਰਤ ਨੂੰ ਮੋਗੇ ਲੈ ਕੇ ਜਾਣ ਲਈ ਧਰਮਕੋਟ ਦੇ ਲੋਹਗੜ ਚੌਂਕ ਵਿੱਚ ਪਹੁੰਚੇ ਤਾਂ ਉਸ ਦੇ ਦਰਦਾਂ ਤੇਜ ਹੋ ਗਈਆਂ ਤਾਂ ਉਥੇ ਹਾਜਰ ਦੋ ਪੁਲਿਸ ਮੁਲਾਜਮਾਂ ਵੱਲੋਂ ਨੇੜੇ ਦੇ ਘਰਾਂ ਦੇ ਦਰਵਾਜੇ ਖੁਲ੍ਹਵਾ ਕੇ ਦੋ ਹੋਰ ਔਰਤਾਂ ਨੂੰ ਉਸ ਦੀ ਸਹਾਇਤਾ ਲਈ ਬੁਲਾਇਆ ਜਿੱਥੇ ਉਸ ਔਰਤ ਨੇ ਸੜਕ 'ਤੇ ਹੀ ਇੱਕ ਫੱਟੇ ਉਪਰ ਬੱਚੇ ਨੂੰ ਜਨਮ ਦੇ ਦਿੱਤਾ।
ਉਨਾਂ ਆਖਿਆ ਕਿ ਇਸ ਘਟਨਾ ਨੇ ਪੰਜਾਬ ਅੰਦਰ ਮਿਲ ਰਹੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਪੋਲ ਹੀ ਨਹੀਂ ਖੋਲ੍ਹੀ ਸਗੋਂ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਝੂਠ ਨੂੰ ਵੀ ਨੰਗਾ ਕੀਤਾ ਹੈ। ਪ੍ਰਾਈਵੇਟ ਸੈਕਟਰ ਦੇ ਡਾਕਟਰਾਂ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਨਿਭਾਏ ਗਏ ਨਾ ਪੱਖੀ ਰੋਲ ਦੀ ਨਿੰਦਾ ਕਰਦੇ ਹੋਏ ਉਨਾਂ ਕਿਹਾ ਕਿ ਇਸ ਮੌਕੇ ਸਾਡਾ ਮੁਲਕ ਕਰੋਨਾ ਵਾਇਰਸ ਨਾਲ ਲੜ ਰਿਹਾ ਹੈ ਤੇ ਪ੍ਰਾਈਵੇਟ ਡਾਕਟਰ ਇਸ ਮੌਕੇ ਆਪਣੇ ਅਦਾਰੇ ਬੰਦ ਕਰਕੇ ਨੈਤਿਕ ਜੁੰਮੇਵਾਰੀ ਤੋਂ ਭੱਜ ਰਹੇ ਹਨ। ਉਨਾਂ ਆਖਿਆ ਕਿ ਇਹ ਘਟਨਾ ਪ੍ਰਾਈਵੇਟ ਡਾਕਟਰਾਂ ਦੀ ਸੰਕਟ ਮੌਕੇ ਜੰਗ ਦੇ ਮੈਦਾਨ ਵਿਚੋਂ ਭੱਜ ਜਾਣ ਵਾਲੀ ਪਰਵਿਰਤੀ ਨੂੰ ਵੀ ਉਜਾਗਰ ਕਰਦੀ ਹੈ ।
ਉਨਾਂ ਆਖਿਆ ਕਿ ਪਿੰਡਾਂ ਅਤੇ ਸਹਿਰਾਂ ਦੀਆਂ ਗਰੀਬ ਬਸਤੀਆਂ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਲੋੜਬੰਦ ਲੋਕਾਂ ਨੂੰ ਮੁਢੱਲੀਆਂ ਸਿਹਤ ਸੇਵਾਵਾਂ ਦਿਂੰਦੇ ਆ ਰਹੇ ਮੈਡੀਕਲ ਪ੍ਰੈਕਟੀਸਨਰ ਆਗੂਆਂ ਨੇ ਕਿਹਾ ਕਿ ਉਹ ਹੁਣ ਵੀ ਇਸ ਮਹਾਂਮਾਰੀ ਮੌਕੇ ਲੋਕਾਂ ਨੂੰ ਮੁਢੱਲੀਆਂ ਸਿਹਤ ਸੇਵਾਵਾਂ ਦੇਣ ਲਈ ਤੱਤਪਰ ਹਨ ਜਿਸ ਲਈ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਪੱਤਰ ਲਿਖ ਕੇ ਇਸ ਸੰਕਟ ਨਾਲ ਨਜਿੱਠਨ ਲਈ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਮੌਕਾ ਦੇਣ ਦੀ ਮੰਗ ਕੀਤੀ ਸੀ ਪਰ ਸਰਕਾਰ ਵੱਲੋਂ ਕੋਈ ਹੁਂੰਗਾਰਾ ਨਹੀਂ ਮਿਲਿਆ ।
ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਲਾਕਡਾਉਣ ਕਾਰਨ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਕਰਕੇ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੂਰੀਆਂ ਸਾਵਧਾਨੀਆਂ ਨਾਲ ਇੱਕ ਦਾਇਰੇ ਵਿੱਚ ਰਹਿ ਕੇ ਮੁਢੱਲੀਆਂ ਸਿਹਤ ਸੇਵਾਵਾਂ ਦੀ ਇਜਾਜਤ ਦੇਵੇ ਅਤੇ ਔਰਤ ਦੇ ਸੜਕ ਤੇ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਵਿੱਚ ਸਿਹਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵਰਤੀ ਗਈ ਕਥਿਤ ਲਾਪਰਵਾਹੀ ਦੀ ਜਾਂਚ ਕਰਵਾਏ ਅਤੇ ਪ੍ਰਾਈਵੇਟ ਨਰਸਿੰਗ ਹੋਮ ਖਿਲਾਫ ਬਣਦੀ ਕਾਰਵਾਈ ਕਰੇ ।