ਹਰਿੰਦਰ ਨਿੱਕਾ
ਸੰਗਰੂਰ, 4 ਅਪ੍ਰੈਲ 2020 - ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਸ਼ਾਸਨਿਕ ਤਿਆਰੀਆਂ ਜੰਗੀ ਪੱਧਰ ਉੱਤੇ ਜਾਰੀ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਵੱਲੋਂ ਲਗਾਤਾਰ ਵੱਖ-ਵੱਖ ਸੰਸਥਾਵਾਂ, ਉਦਯੋਗਪਤੀਆਂ, ਦਾਨੀ ਸੱਜਣਾਂ ਨੂੰ ਮਨੁੱਖਤਾ ਦੀ ਸੇਵਾ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਮਦਦ ਦੇਣ ਲਈ ਆਪਣਾ ਹੱਥ ਅੱਗੇ ਵਧਾਉਂਦਿਆਂ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਵੱਲੋਂ ਬਣਾਉਟੀ ਸਾਹ ਪ੍ਰਣਾਲੀ ਉਤੇ ਆਧਾਰਿਤ 5 ਅਤਿ ਆਧੁਨਿਕ ''ਬਾਈਲੈਵਲ ਪਾਜ਼ਿਟਿਵ ਏਅਰਵੇਅ ਪ੍ਰੈਸ਼ਰ'' (ਬੀਪੈਪ) ਮਸ਼ੀਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਚੈਂਬਰ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਪੱਧਰ ਉੱਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਪ੍ਰਾਈਵੇਟ ਖੇਤਰਾਂ ਦੇ ਮੈਡੀਕਲ ਮਾਹਿਰਾਂ ਅਤੇ ਤਜਰਬੇਕਾਰਾਂ ਨਾਲ ਵੀ ਤਾਲਮੇਲ ਰੱਖ ਰਿਹਾ ਹੈ ਤਾਂ ਜੋ ਰਲ ਮਿਲ ਕੇ ਮਹਾਂਮਾਰੀ ਦੇ ਪ੍ਰਕੋਪ ਦਾ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਚੈਂਬਰ ਦੇ ਪ੍ਰਧਾਨ ਘਨਸ਼ਿਆਮ ਕਾਂਸਲ, ਚੇਅਰਮੈਨ ਰਾਈਸੀਲਾ ਡਾ. ਏ.ਆਰ. ਸ਼ਰਮਾ, ਐਮ.ਪੀ ਸਿੰਘ, ਸਿਵਲ ਸਰਜਨ ਡਾ. ਰਾਜ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਉਪਾਸਨਾ, ਡਾ. ਦੇਵਿੰਦਰ ਗੋਇਲ ਵੀ ਹਾਜ਼ਰ ਸਨ।