ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਕੁੱਝ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਨੂੰ ਅਗਲੇ ਸੈਸ਼ਨ ਦੀਆਂ ਫੀਸਾਂ ਭਰਨ ਲਈ ਭੇਜੇ ਮੈਸੇਜਾਂ ਕਾਰਨ ਦੋਵਾਂ ਧਿਰਾਂ ’ਚ ਟਕਰਾਅ ਦਾ ਕਾਰਨ ਬਣ ਸਕਦਾ ਹੈ। ਬਠਿੰਡਾ ’ਚ ਪ੍ਰਾਈਵੇਟ ਸਕੂਲਾਂ ਵੱਲੋਂ ਇਸ ਤਰ੍ਹਾਂ ਦੀ ਰਾਸ਼ੀ ਵਸੂਲਣ ਅਤੇ ਮਹਿੰਗੀਆਂ ਕਿਤਾਬਾਂ ਆਦਿ ਸਮੇਤ ਹੋਰ ਖ਼ਰਚਿਆਂ ਖਿਲਾਫ ਮਾਪੇ ਅੰਦਰੋ ਅੰਦਰੀ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਭਾਵੇਂ ਅਜੇ ਬਾਹਰੀ ਤੌਰ 'ਤੇ ਕਿਸੇ ਧਰਨੇ ਮੁਜਾਹਰੇ ਦੇ ਸੰਕੇਤ ਨਹੀਂ ਮਿਲੇ ਪਰ ਜਨਤਕ ਰੋਸ ਤੇਜ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਨੇ ਇੱਕ ਪੱਤਰ ਜਾਰੀ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਦਾ ਨਵਾਂ ਸ਼ਡਿਊਲ ਤਿਆਰ ਕਰਨ ਲਈ ਕਿਹਾ ਹੈ। ਪਤਾ ਲੱਗਿਆ ਹੈ ਕਿ ਇਸ ਨਾਂਲ ਮਾਮਲੇ ਨੂੰ ਕੁੱਝ ਵਿਰਾਮ ਲੱਗਿਆ ਹੈ ਪਰ ਜੰਗ ਠੰਢੀ ਨਹੀਂ ਕੀਤੀ ਜਾ ਸਕੀ ਹੈ।
ਮੰਨਿਆ ਜਾਂਦਾ ਹੈ ਕਿ ਪ੍ਰਾਈਵੇਟ ਸਕੂਲ ਮਾਲਕਾਂ ਦੀ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚ ਹੈ ਜੋ ਮਸਲਾ ਹੱਲ ਕਰਨ ‘ਚ ਆੜੇ ਆ ਰਹੀ ਹੈ। ਜੇਕਰ ਸਥਿਤੀ ਨਾ ਸੰਭਾਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਟਕਰਾਅ ਵਾਲੀ ਸਥਿਤੀ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਸ਼ਹਿਰ ਦੇ ਇੱਕ ਨਾਮੀਗਿਰਾਮੀ ਸਕੂਲ ‘ਚ ਪੜਦੇ ਬੱਚੇ ਦੇ ਪਿਤਾ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨਾਂ ਨੂੰ ਫੀਸ ਭਰਨ ਦਾ ਮੈਸੇਜ਼ ਆਇਆ ਸੀ ਪਰ ਅਜੇ ਤੱਥ ਉਨ੍ਹਾਂ ਕੋਈ ਪੈਸਾ ਅਦਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਚੇਤਨਾ ਵਧਣ ਕਾਰਨ ਹਰ ਵਿਅਕਤੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣੀ ਚਾਹੁੰਦਾ ਹੈ ਜਿਸ ਦਾ ਫਾਇਦਾ ਇਹ ਲੋਕ ਚੁੱਕ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਵੱਲੋਂ ਅਣਦੇਖੀ ਕਾਰਨ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ ਜਿਸ ਕਰਕੇ ਲੋਕਾਂ ਕੋਲ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ ਜਿਸ ਦਾ ਫਾਇਦਾ ਇਹ ਸਕੂਲ ਉਠਾ ਰਹੇ ਹਨ।
ਏਦਾਂ ਹੀ ਇੱਕ ਸਕੂਲੀ ਵਿਦਿਆਰਥੀ ਦੇ ਪਿਤਾ ਰਕੇਸ਼ ਕੁਮਾਰ ਨੇ ਦੱਸਿਆ ਕਿ ਅਜਿਹੀ ਹੰਗਾਮੀ ਹਾਲਤ ’ਚ ਵੀ ਸਕੂਲ ਪ੍ਰਬੰਧਕ ਸੁਧਾਰ ਨਹੀਂ ਲਿਆ ਰਹੇ ਹਨ। ਉਨ੍ਹਾਂ ਆਖਿਆ ਕਿ ਦੁਨੀਆਂ ਦੇ ਸਿਰ ਤੇ ਮੌਤ ਦਾ ਸਾਇਆ ਮੰਡਰਾ ਰਿਹਾ ਹੈ ਅਤੇ ਇਨ੍ਹਾਂ ਨੂੰ ਪੈਸਿਆਂ ਦੀ ਪਈ ਹੈ। ਉਨ੍ਹਾਂ ਆਖਿਆ ਕਿ ਕਈ ਤਰ੍ਹਾਂ ਦੇ ਖ਼ਰਚਿਆਂ ਦੀ ਆੜ ‘ਚ ਮਾਪਿਆਂ ਦੀ ਕਥਿਤ ‘ਲੁੱਟ-ਖਸੁੱਟ’ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ ਜਿਸ ਤੇ ਲਗਾਮ ਲਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਹੁਣ ਇਹ ਮੁੱਦਾ ਗੰਭੀਰ ਰੂਪ ਧਾਰਨ ਕਰ ਸਕਦਾ ਹੈ ਪ੍ਰੰਤੂ ਸਰਕਾਰ ਨੇ ਇਸ ਦਾ ਹੱਲ ਨਹੀਂ ਕੱਢਿਆ। ਕੁੱਝ ਮਾਪਿਆਂ ਨੇ ਸੁਝਾਅ ਦਿੱਤਾਾ ਕਿ ਸਰਕਾਰੀ ਸਕੂਲਾਂ ‘ਚ ਅਧਿਆਪਕ ਤੇ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਤਾਂ ਆਮ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ।
ਮਾਪਿਆਂ ਨੂੰ ਪ੍ਰੇਸ਼ਾਨ ਕਰ ਰਹੇ ਕੁੱਝ ਸਕੂਲ...
ਪੇਰੈਂਟਸ ਰਾਈਟਸ ਐਸੋਸੀਏਸ਼ਨ ਦੇ ਆਗੂ ਸੰਜੀਵ ਜਿੰਦਲ ਨੇ ਕਿਹਾ ਕਿ ਅਫਸਰ ਮਸਲੇ ਨੂੰ ਸੁਲਝਾਉਣ ਕਿਉਂਕਿ ਪ੍ਰਾਈਵੇਟ ਸਕੂਲ ਮਾਪਿਆਂ ਨੂੰ ਫੀਸਾਂ ਭਰਨ ਲਈ ਪ੍ਰੇਸ਼ਾਨ ਕਰ ਰਹੇ ਹਨ। ਸ੍ਰੀ ਜਿੰਦਲ ਨੇ ਮੰਗ ਕੀਤੀ ਕਿ ਮਾਪਿਆਂ ਤੋਂ ਫੀਸ ਵਸੂਲੀ ਬੰਦ ਕੀਤੀ ਜਾਏ ਨਹੀਂ ਤਾਂ ਸੰਘਰਸ਼ ਦੇ ਰਾਹ ਪੈਣਾ ਪਵੇਗਾ। ਉਨਾਂ ਆਖਿਆ ਕਿ ਇਹ ਸਮਾਂ ਸਰਕਾਰ ਦੇ ਨਾਲ ਸਹਿਯੋਗ ਕਰਕੇ ਕਰੋਨਾ ਵਾਇਰਸ ਨੂੰ ਖਤਮ ਕਰਨ ਦੀ ਹੈ ਫੀਸਾਂ ਤਾਂ ਬਾਅਦ ’ਚ ਵੀ ਮਿਲ ਹੀ ਜਾਣੀਆਂ ਹਨ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵੱਲ ਧਿਆਨ ਦੇਕੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਤੋਂ ਫੀਸਾਂ ਵਿੱਚ ਰਾਹਤ ਦਵਾਉਣ ਲਈ ਕਦਮ ਚੁੱਕੇ ਜਾਣ।
ਫੀਸਾਂ ਦੀ ਮੰਗ ਨਿੰਦਣਯੋਗ: ਆਮ ਆਦਮੀ ਪਾਰਟੀ
ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਤੋਂ ਅਗਲੇ ਸੈਸ਼ਨ ਦੀਆਂ ਫੀਸਾਂ ਦੀ ਮੰਗ ਕਰਨਾ ਬਹੁਤ ਹੀ ਨਿੰਦਣਯੋਗ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਇਸ ਦੁੱਖ ਦੀ ਘੜੀ ਵਿੱਚ ਸਕੂਲਾਂ ਵੱਲੋਂ ਲੋਕਾਂ ਤੋਂ ਫੀਸਾਂ ਦੀ ਮੰਗ ਕਰਨਾ ਬਹੁਤ ਹੀ ਮਾੜਾ ਵਤੀਰਾ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਕਾਰਨ ਕਰਫਿਊ ਲੱਗਿਆ ਹੋਇਆ ਹੈ ਜਿਸ ਕਰਕੇ ਸਕੂਲੀ ਫੀਸਾਂ ਭਰਨੀਆਂ ਔਖੀਆਂ ਹੋ ਸਕਦੀਆਂ ਹਨ । ਉਨਾਂ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਲੋਕ ਫੀਸਾਂ ਭਰਨ ਵਿੱਚ ਸਮਰੱਥ ਹੋਣ ਪਰ ਆਮ ਪਰਿਵਾਰਾਂ ਲਈ ਫੀਸ ਭਰਨਾ ਬਹੁਤ ਮੁਸ਼ਕਿਲ ਹੈ। ਉਨਾਂ ਕਿਹਾ ਕਿ ਸਕੂਲਾਂ ਨੂੰ ਵੀ ਚਾਹੀਦਾ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਦਰਿਆਦਿਲੀ ਦਿਖਾਉਣ।
ਸਰਕਾਰ ਦੇ ਹੁਕਮ ਲਾਗੂ ਕੀਤੇ :ਐਸੋਸੀਏਸ਼ਨ
ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਬਠਿੰਡਾ ਦੇ ਜਿਲਾ ਪ੍ਰਧਾਨ ਵਿਨੋਦ ਖੁਰਾਣਾ ਦਾ ਪ੍ਰਤੀਕਰਮ ਹੈ ਕਿ ਮਾਪਿਆਂ ਦੇ ਇਲਾਜਮ ਸਹੀ ਨਹੀਂ ਹਨ ਬਲਕਿ ਸਮੂਹ ਪ੍ਰਾਈਵੇਟ ਸਕੂਲ ਸਰਕਾਰ ਦੇ ਆਦੇਸ਼ਾਂ ਮੁਤਾਬਕ ਕੋਈ ਫੀਸ ਨਹੀਂ ਲੈ ਰਹੇ ਹਨ। ਉਨਾਂ ਆਖਿਆ ਕਿ ਕੁਝ ਲੋਕ ਇਸ ਮਾਮਲੇ ਨੂੰ ਸੰਘਰਸ਼ੀ ਰੰਗਤ ਦੇਕੇ ਆਪਣੀ ਲੀਡਰੀ ਚਮਕਾਉਣ ਦੇ ਚੱਕਰ ’ਚ ਹੋ ਸਕਦੇ ਹਨ। ਨ ਉਨਾਂ ਆਖਿਆ ਕਿ ਜੇਕਰ ਕਿਸੇ ਨੂੰ ਸਮੱਸਿਆ ਹੈ ਤਾਂ ਉਹ ਮਹਿਕਮੇ ਕੋਲ ਸ਼ਕਾਇਤ ਸਕਦਾ ਹੈ ਅਧਿਕਾਰੀ ਪੜਤਾਲ ਕਰਕੇ ਐਕਸ਼ਨ ਲੈਣਗੇ।