ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਵੇਦਾਂਤਾ ਨੇ ਕੋਰੋਨਾ ਖਿਲਾਫ਼ ਜੰਗ ਲਈ ਬਣਾਏ ਪ੍ਰਧਾਨ ਮੰਤਰੀ ਰਾਹਤ ਕੋਸ ਫੰਡ ’ਚ ਆਪਣੇ ਵੱਲੋਂ 100 ਕਰੋੜ ਦੇ ਯੋਗਦਾਨ ਨੂੰ ਦੁੱਗਣਾ ਕਰਕੇ ਹੁਣ 201 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਇਹ ਰਾਸ਼ੀ ਦੇਸ਼ ਭਰ ’ਚ ਵੱਡੇ ਪੱਧਰ ’ਤੇ ਵੱਖ-ਵੱਖ ਵਰਗਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਰਤੀ ਜਾਵੇਗੀ ਤੇ 50 ਹਜਾਰ ਬੇਸਹਾਰਾ ਪਸ਼ੂਆਂ ਨੂੰ ਰੋਜ਼ਾਨਾ ਹਰਾ ਚਾਰਾ ਦੇਣ ਦਾ ਪ੍ਰ੍ਰੋਗਰਾਮ ਵੀ ਹੈ।
ਵੇਦਾਂਤਾ ਅਧਿਕਾਰੀਆਂ ਮੁਤਾਬਿਕ ਸਿਹਤ ਸੰਭਾਲ ਸਬੰਧੀ ਸਹੂਲਤਾਂ ਹਿੱਤ ਵੇਦਾਂਤਾ ਵੱਲੋਂ ਕੇਂਦਰ ਨਾਲ ਗੱਲਬਾਤ ਕਰਕੇ ਦੇਸ਼ ’ਚ ਹੀ ਪੀਪੀਈ ਨਿਰਮਾਣ ਲਈ 23 ਮਸ਼ੀਨਾਂ ਚੀਨ ਤੋਂ ਮੰਗਵਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਛੱਤੀਸਗੜ ਦੇ ਕੋਰਬਾ ’ਚ 100 ਬਿਸਤਰਿਆਂ ਵਾਲੇ ਹਸਪਤਾਲ ਨੂੰ ਚਲਾਇਆ ਜਾ ਰਿਹਾ ਹੈ ਅਤੇ ਜੋਧਪੁਰ ’ਚ ਵੱਡੇ ਕੇਅਰ ਸੈਂਟਰ ਆਫ ਐਕਸੀਲੈਂਸ ਨੂੰ ਇੱਕ ਕੁਆਰੇਟਾਈਂਨ ਸੈਂਟਰ ਦੇ ਰੂਪ ’ਚ ਤਬਦੀਲ ਕਰਨ ਲਈ ਪ੍ਰਸ਼ਾਸ਼ਨ ਨੂੰ ਸੌਂਪ ਦਿੱਤਾ ਹੈ । ਇੱਕ ਹਫ਼ਤੇ ’ਚ ਵੇਦਾਂਤਾ ਨੇ ਪੇਡੂ ਖੇਤਰਾਂ ’ਚ 1 ਲੱਖ ਤੋਂ ਵੱਧ ਮਾਸਕ ਅਤੇ 15500 ਤੋਂ ਵੱਧ ਸਾਬਣਾਂ ਅਤੇ ਸੈਨੇਟਾਈਜਰ ਵੰਡੇ ਜਾ ਚੁੱਕੇ ਹਨ । ਇਸੇ ਤਰਾਂ 263 ਪਿੰਡਾਂ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਕੋਈ ਭੁੱਖ ਨਾਲ ਨਾ ਮਰੇ ਇਹ ਸਾਡਾ ਫਰਜ਼ : ਅਗਰਵਾਲ
ਵੇਦਾਂਤਾ ਦੇ ਪ੍ਰਧਾਨ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਇਹ ਨਿਸ਼ਚਿਤ ਕਰਨਾ ਸਾਡੀ ਜਿੰਮੇਵਾਰੀ ਹੈ ਕਿ ਕੋਈ ਵੀ ਭੁੱਖ ਨਾਲ ਨਾ ਮਰੇ ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਹਰ ਮਹੀਨੇ ਘੱਟ ਤੋਂ ਘੱਟ 8 ਹਜ਼ਾਰ ਰੁਪਏ ਦਿੱਤੇ ਜਾਣ। ਉਨਾਂ ਕਿਹਾ ਕਿ ਸਰਕਾਰ ਨੇ ਜ਼ਰੂਰੀ ਉਤਪਾਦਾਂ ਲਈ ਆਵਾਜਾਈ ਨੂੰ ਵੀ ਇਜਾਜ਼ਤ ਦਿੱਤੀ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਰਾਜਮਾਰਗਾਂ ‘ਤੇ ਕੁੱਝ ਢਾਬੇ ਆਦਿ ਟਰੱਕ ਚਾਲਕਾਂ ਲਈ ਖੁੱਲੇ ਰਹਿਣ।