ਕੁਲਵੰਤ ਸਿੰਘ ਬੱਬੂ
- ਨੌਂ ਦਿਨਾਂ ਤੋਂ ਹੋਈ ਬੰਦੀ ਕਾਰਨ ਪਿੰਡ ਵਾਸੀ ਪ੍ਰੇਸ਼ਾਨ
ਘਨੌਰ/ਸ਼ੰਭੂ, 5 ਅਪ੍ਰੈਲ 2020 - ਸ਼ੰਭੂ ਨੇੜਲੇ ਪਿੰਡ ਰਾਮ ਨਗਰ ਸੈਣੀਆਂ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਤਕਰੀਬਨ ਅੱਜ਼ ਤੋਂ ਨੋਂ ਦਿਨ ਪਹਿਲਾਂ ਸ਼ੀਲ ਕਰ ਦਿੱਤਾ ਸੀ ਜੋ ਅੱਜ ਤੱਕ ਨਹੀਂ ਖੁੱਲ੍ਹਿਆ। ਪਿੰਡ ਦੇ ਚਾਰ ਚੁਫੇਰੇ ਪ੍ਰਸ਼ਾਸਨ ਨੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਚੌਕਸੀ ਵਰਤ ਰਿਹਾ ਹੈ ਕਿ ਪਿੰਡ ਦਾ ਕੋਈ ਬੰਦਾ ਬਾਹਰ ਨਾ ਜਾਵੇ, ਅਤੇ ਬਾਹਰ ਦਾ ਕੋਈ ਵਿਅਕਤੀ ਪਿੰਡ ਵਿਚ ਦਾਖਿਲ ਨਾ ਹੋਵੇ।
ਇਸ ਸਬੰਧੀ ਸ਼ੰਭੂ ਥਾਣਾ ਦੇ ਐਸ ਐਚ ਓ ਪ੍ਰੇਮ ਸਿੰਘ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਨਾਕਾਬੰਦੀ ਜ਼ਾਰੀ ਰਹੇਗੀ। ਫੋਨ 'ਤੇ ਗੱਲ ਕਰਨ ਤੇ ਪਿੰਡ ਦੇ ਸਰੰਪਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਇਹ ਨਾਕਾਬੰਦੀ ਪਿੰਡ ਦੇ ਭਲੇ ਵਾਸਤੇ ਕੀਤੀ ਗਈ ਹੈ ਪਰ ਪਿੰਡ ਵਾਸਿਆਂ ਨੂੰ ਇਸ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਕੁਝ ਬੰਦਿਆਂ ਨੂੰ ਦਵਾਈ ਲੈਣ ਵਾਸਤੇ ਪੀ ਜੀ ਆਈ ਚੰਡੀਗੜ੍ਹ ਵੀ ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਨ੍ਹਾਂ ਦੇ ਖੇਤ ਨਾਕਾਬੰਦੀ ਤੋਂ ਬਾਹਰ ਹਨ, ਉਨ੍ਹਾਂ ਨੂੰ ਆਪਣੇ ਡੰਗਰਾਂ ਵਾਸਤੇ ਪੱਠੇ ਲਿਆਉਣ ਵਿਚ ਵੀ ਦਿੱਕਤ ਪੇਸ਼ ਆ ਰਹੀ ਹੈ ਅਤੇ ਪ੍ਰਸ਼ਾਸਨ ਵੀ ਕਿਸੇ ਗੁਆਂਢੀ ਤੋਂ ਮੰਗ ਕੇ ਵੱਢਣ ਵਾਸਤੇ ਕਹਿ ਦਿੰਦਾ ਹੈ, ਪਰ ਕੋਈ ਕਿਸੇ ਨੂੰ ਕਿਨੇ ਦਿਨ ਪੱਠੇ ਮੰਗਵੇਂ ਦੇ ਸਕਦਾ ਹੈ। ਇਸ ਕਰਕੇ ਸਰਕਾਰ ਸਾਡੀ ਮੁਸ਼ਕਿਲ ਵੱਲ ਧਿਆਨ ਦੇਵੇ ਅਤੇ ਨਾਕਾਬੰਦੀ ਖਤਮ ਕਰਵਾਈ ਜਾਵੇ ਕਿਉਂਕਿ ਪਿੰਡ ਤੋਂ ਫ਼ਿਲਹਾਲ ਖਤਰਾ ਟੱਲ ਗਿਆ ਹੈ।