ਅਸ਼ੋਕ ਵਰਮਾ
- ਐਸਐਸਪੀ ਨਾਲ ‘ਤੇ ਗੱਲ ਕਰਨ ਤੋਂ ਬਾਅਦ ਵਿਦਿਆਰਥੀ ਤੇ ਮਾਪੇ ਬਾਗੋ-ਬਾਗ
ਮਾਨਸਾ, 5 ਅਪ੍ਰੈਲ 2020 - ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਆਨ-ਲਾਈਨ ਪੜ੍ਹਾਈ ਕਰ ਰਹੇ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਜੂਮ ਐਪ ‘ਤੇ ਸਿੱਧੀਆਂ ਕਰਦਿਆਂ ਉਨਾਂ ਦੀ ਪੜਾਈ ਦਾ ਹਾਲਚਾਲ ਪੁੱਛਿਆ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਕੋਰੋਨਾ ਦੇ ਇਸ ਗੰਭੀਰ ਸੰਕਟ ਦੌਰਾਨ ਕਿਸੇ ਵੀ ਪਰਿਵਾਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾਲ ਹੀ ਬੱਚਿਆਂ ਦੇ ਆਨ-ਲਾਈਨ ਪੜ੍ਹਾਈ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਹਰ ਤਰਾਂ ਦਾ ਸਹਿਯੋਗ ਕੀਤਾ ਜਾਵੇਗਾ। ਐਸਐਸਪੀ ਵੱਲੋਂ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਨਾਲ ਜਦੋ ਗੱਲਬਾਤ ਕੀਤੀ ਗਈ ਤਾਂ ਸਕੂਲ ਦੇ ਵਿਦਿਆਰਥੀ ਬੱਬੂ ਸਿੰਘ, ਹਰਪ੍ਰੀਤ ਸਿੰਘ ਪਿੰਡ ਫੱਤਾ ਮਾਲੋਕਾ, ਗੁਰਪ੍ਰੀਤ ਸਿੰਘ ਚੈਨੇਵਾਲਾ,ਅਰੁਣ ਗੋਇਲ ਝੇਰਿਆਂਵਾਲੀ ਅਤੇ ਖੁਸ਼ਦੀਪ ਸਿੰਘ ਹੀਰਕੇ ਨੇ ਆਪਣੇ ਸਵਾਲ-ਜਵਾਬ ਵੀ ਕੀਤੇ।ਐਸਐਸਪੀ ਵੱਲੋਂ ਇਸ ਤਰਾਂ ਘਰਾਂ ਵਿੱਚ ਮੋਬਾਇਲ ਰਾਹੀਂ ਗੱਲ ਕਰਨ ‘ਤੇ ਵਿਦਿਆਰਥੀ ਅਤੇ ਉਨਾਂ ਦੇ ਮਾਪੇ ਬਾਗੋ-ਬਾਗ ਦਿਖਾਈ ਦਿੱਤੇ।
ਡਾ.ਭਾਰਗਵ ਨੇ ਅੱਜ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕਰੋਨਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ, ਪਰ ਇਸ ਤੋਂ ਬਚਾਅ ਲਈ ਸਾਨੂੰ ਸਭਨਾਂ ਨੂੰ ਘਰਾਂ ਵਿੱਚ ਰਹਿਕੇ ਬੱਚਿਆਂ ਦੀ ਪੜਾਈ ਅਤੇ ਉਨਾਂ ਦੇ ਸਾਰਥਕ ਮਨੋਰੰਜਨ ਲਈ ਸੁਚੱਜੀ ਅਗਵਾਈ ਦੀ ਲੋੜ ਹੈ।
ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਲੈਕਚਰਾਰ ਸੁਰਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਉਨਾਂ ਨੂੰ ਆਨ-ਲਾਈਨ ਵੱਖ-ਵੱਖ ਵਿਸ਼ਿਆਂ ਦੀ ਸਮੱਗਰੀ ਭੇਜੀ ਜਾ ਰਹੀ ਹੈ ਅਤੇ ੳਹ ਹਰ ਰੋਜ਼ ਵਿਦਿਆਰਥੀਆਂ ਦੇ ਨਾਲ ਜ਼ੂਮ ਐਪ ਅਤੇ ਵੱਟਸਐਪ ‘ਤੇ ਪੜਾਈ ਸਬੰਧੀ ਗੱਲਬਾਤ ਕਰ ਰਹੇ ਹਨ। ਉਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਵੀ ਪੂਰੀ ਦਿਲਚਸਪੀ ਨਾਲ ਪੜਾਈ ਕੀਤੀ ਜਾ ਰਹੀ ਅਤੇ ਬੱਚੇ ਵੱਟਸਐਪ ਜਾਂ ਫੋਨ ਦੇ ਜ਼ਰੀਏ ਸਵਾਲ ਪੁੱਛ ਰਹੇ ਹਨ।
ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਂਵਾਲੀ ਦੇ ਅਧਿਆਪਕ ਹਰਜੀਤ ਕੌਰ ਨੇ ਦੱਸਿਆ ਕਿ ਬੇਸ਼ੱਕ ਉਨਾਂ ਕੋਲ ਦੂਸਰੀ ਜਮਾਤ ਹੈ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਬੱਚੇ ਉਨਾਂ ਦੇ ਨਾਲ ਨਿੱਤ ਦਿਨ ਪੜਾਈ ਸਬੰਧੀ ਗੱਲਬਾਤ ਕਰਦੇ ਹਨ ਅਤੇ ਉਨਾਂ ਨੂੰ ਵਿਭਾਗ ਵੱਲੋਂ ਦਿਲਚਸਪ ਕਵਿਤਾਵਾਂ ਅਤੇ ਹੋਰ ਰੋਚਕ ਸਮੱਗਰੀ ਭੇਜੀ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਕੂਲ ਅਧਿਆਪਕਾਂ ਅਤੇ ਜੂਮ ਐਪ ਰਾਹੀਂ ਬੱਚਿਆਂ ਅਤੇ ਮਾਪਿਆਂ ਨਾਲ ਕੀਤੀਆਂ ਸਿੱਧੀਆਂ ਗੱਲਾਂ-ਬਾਤਾਂ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਹੌਸਲੇ ਹੋਰ ਵਧੇ ਹਨ। ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਰੇਡੀਓ ਅਤੇ ਟੀ.ਵੀ ਚੈਨਲਾਂ ਰਾਹੀਂ ਵੀ ਪੜਾਈ ਸ਼ੁਰੂ ਕੀਤੀ ਗਈ ਹੈ, ਜਿੱਥੇ ਸਿੱਖਿਆ ਮਾਹਿਰ ਤੇ ਅਧਿਆਪਕ ਆਪਣੇ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਦਿਲਚਸਪ ਤਰੀਕੇ ਨਾਲ ਸਿੱਖਿਆ ਦੇ ਰਹੇ ਹਨ।
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਅਤੇ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਯੋਗਿਤਾ ਜੋਸੀ ਅਤੇ ਮੈਂਬਰ ਸੁਖਦੀਪ ਸਿੰਘ ਚਹਿਲਾਂਵਾਲੀ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਵੱਲੋਂ ਵਿਖਾਈ ਇਹ ਹੱਲਾਸ਼ੇਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵੱਡੀ ਲਾਹੇਵੰਦ ਸਾਬਿਤ ਹੋਵੇਗੀ।