ਰਜਨੀਸ਼ ਸਰੀਨ
- ਕਮੇਟੀ ਵੱਲੋਂ ਮਰੀਜ਼ਾਂ ਦੀ ਸੇਵਾ ਤੋਂ ਇਲਾਵਾ ਹੋਰਨਾਂ ਲੋੜਵੰਦਾਂ ਨੂੰ ਵੀ ਖੁਆਇਆ ਜਾ ਰਿਹਾ ਹੈ ਖਾਣਾ
ਨਵਾਂਸ਼ਹਿਰ, 5 ਅਪ੍ਰੈਲ 2020 - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਨੂੰ ਖਾਣਾ ਮੁਹੱਈਆ ਕਰਵਾਉਣ ’ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਵਾਲੀ ਗੁਰਦੁਆਰਾ ਸ੍ਰੀ ਸਿੰਘ ਸਭਾ ਨਵਾਂਸ਼ਹਿਰ ਦੀ ਕਮੇਟੀ ਦਾ ਅੱਜ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ ਗਿਆ। ਉਨ੍ਹਾਂ ਆਖਿਆ ਕਿ ਅਜਿਹੀਆਂ ਸੰਸਥਾਂਵਾਂ ਦੀ ਸੇਵਾ ਅਤੇ ਦੁਆਵਾਂ ਦੇ ਸਦਕਾ ਹੀ ਜ਼ਿਲ੍ਹਾ ਕੋਵਿਡ-19 ਨੂੰ ਮਾਤ ਦੇਣ ’ਚ ਸਫ਼ਲ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਬਬਲਾਨੀ ਨੇ ਆਪਣੇ ਦਫ਼ਤਰ ’ਚ ਕਮੇਟੀ ਦੇ ਪ੍ਰਤੀਨਿਧੀਆਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਦੀ ਮੁਸ਼ਕਿਲ ਦੀ ਘੜੀ ’ਚ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਇਸ ਪੱਖੋਂ ਖੁਸ਼ਕਿਸਮਤ ਹੈ ਕਿ ਕੋਵਿਡ-19 ਕਾਰਨ ਬਣੀ ਮੁਸ਼ਕਿਲ ਦੀ ਸਥਿਤੀ ’ਚ ਜ਼ਿਲ੍ਹੈ ਦੀਆਂ ਸਾਰੀਆਂ ਹੀ ਸੰਸਥਾਂਵਾਂ ਆਪੇ ਆਪ ਅੱਗੇ ਆਈਆਂ ਅਤੇ ਪ੍ਰਸ਼ਾਸਨ ਦੀ ਮੱਦਦ ਕਰਨ ’ਚ ਜੁਟ ਗਈਆਂ। ਉਨ੍ਹਾਂ ਨੂੰ ਇਸ ਮੌਕੇ ਸੰਸਥਾ ਦੇ ਪ੍ਰਤੀਨਿਧੀ ਮੱਖਣ ਸਿੰਘ ਗਰੇਵਾਲ ਸਾਬਕਾ ਕੌਂਸਲਰ ਨੇ ਮਰੀਜ਼ਾਂ ਨੂੰ ਭੇਜੇ ਜਾਂਦੇ ਖਾਣੇ ਦੀ ਗੁਣਵੱਤਾ ਅਤੇ ਮੀਨੂ ਬਾਰੇ ਵਿਸਥਾਰ ਸਹਿਤ ਦੱਸਿਆ। ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ ਇਲਾਜ ਅਧੀਨ ਮਰੀਜ਼ਾਂ ਨੂੰ ਡਾਕਟਰਾਂ ਦੀ ਸਲਾਹ ਮੁਤਾਬਕ ਸਾਫ਼-ਸੁੱਥਰਾ ਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਂ ਕਮੇਟ ਦਾ ਯੋਗਦਾਨ ਅਸਾਧਾਰਨ ਹੈ। ਉਨ੍ਹਾਂ ਕਿਹਾ ਕਿ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਦੀ ਪੂਰਤੀ ਘਰ ਵਾਂਗ ਕਰਨਾ ਬਹੁਤ ਹੀ ਪ੍ਰਸ਼ੰਸਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਂਵਾਂ ਸਮਾਜ ਦਾ ਅਕਸ ਹੁੰਦੀਆਂ ਹਨ ਅਤੇ ਮੁਸ਼ਕਿਲ ਵਾਲੇ ਸਮੇਂ ’ਚ ਸਮਾਜ ਦੀ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ’ਚ ਇਸ ਸੰਕਟ ਕਾਲੀਨ ਸਥਿਤੀ ’ਚ ਆਪੋ-ਆਪਣੀ ਜ਼ਿੰਮੇਂਵਾਰੀ ਨਿਭਾਅ ਰਹੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਦਾ ਹਮੇਸ਼ਾਂ ਧੰਨਵਾਦੀ ਰਹੇਗਾ।