ਚੰਡੀਗੜ੍ਹ, 05 ਅਪ੍ਰੈਲ 2020: ਐਫ.ਸੀ.ਆਈ ਨੇ ਪੰਜਾਬ ਵਿਚ ਸਥਿਤ ਵੱਖ-ਵੱਖ ਗੁਦਾਮਾਂ ਵਿੱਚੋਂ 6.92 ਲੱਖ ਮੀਟ੍ਰਿਕ ਟਨ ਅਨਾਜ ਰੇਲ ਗੱਡੀ ਰਾਹੀਂ ਦੇਸ਼ ਦੇ ਦੂਜੇ ਰਾਜਾਂ ਨੂੰ ਮਿਤੀ 24 ਮਾਰਚ 2020 ਤੋਂ 4 ਅਪ੍ਰੈਲ 2020 ਤੱਕ ਭੇਜ ਦਿੱਤਾ ਹੈ। ਇਹ ਅਨਾਜ ਕੁਲ 249 ਰੈਕ ਬਣਦਾ ਹੈ।
ਖਪਤਕਾਰ ਸੂਬਿਆਂ ਨੂੰ ਨਿਰਵਿਘਨ ਇਹ ਸਪਲਾਈ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਐਫ਼.ਸੀ.ਆਈ. ਦੇ ਸੂਬੇ ਵਿਚ ਤੈਨਾਤ 13 ਜ਼ਿਲ੍ਹਾ ਮੈਨੇਜਰਾਂ ਨਾਲ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਐਫ਼.ਸੀ.ਆਈ. ਦੇ ਰੀਜਨਲ ਜਨਰਲ ਮੈਨੇਜਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਮੋਜੂਦਾ ਸਥਿਤੀ ਦਾ ਲਗਾਤਾਰ ਮੁਲਾਂਕਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦਸਿਆ ਕਿ ਐਫ.ਸੀ.ਆਈ. ਵਲੋਂ ਸੜਕ ਮਾਰਗ ਰਾਹੀ ਜੰਮੂ-ਕਸ਼ਮੀਰ ਨੂੰ 21500 ਮੀਟ੍ਰਿਕ ਟਨ ਅਤੇ ਹਿਮਾਚਲ ਪ੍ਰਦੇਸ਼ ਨੂੰ 16300 ਮੀਟਰਕ ਟਨ ਅਨਾਜ ਭੇਜਿਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਖੇਤਰ ਵਿੱਚ 191 ਲੱਖ ਮੀਟ੍ਰਿਕ ਟਨ ਅਨਾਜ (79 ਲੱਖ ਮੀਟ੍ਰਿਕ ਟਨ ਕਣਕ ਅਤੇ 112 ਲੱਖ ਮੀਟ੍ਰਿਕ ਟਨ ਝੋਨਾ) ਹੈ, ਜੋ ਐਨ.ਐਫ.ਐੱਸ.ਏ. ਅਤੇ ਪੀ.ਐੱਮ.ਜੀ.ਕੇ.ਵਾਈ. (ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ) ਅਧੀਨ ਅਨਾਜ ਦੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਇਸ ਤੋਂ ਇਲਾਵਾ, ਐਫ.ਸੀ.ਆਈ. ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਨਾਜ ਦੀ ਮੰਗ ਨੂੰ ਪੂਰਾ ਕਰਨ ਲਈ 22253 ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਇਆ ਹੈ। ਐਫ.ਸੀ.ਆਈ. ਅਧਿਕਾਰੀ ਸੂਬੇ ਦੀਆਂ ਏਜੰਸੀਆਂ, ਰੇਲਵੇ, ਮਜ਼ਦੂਰਾਂ, ਟਰਾਂਸਪੋਰਟ, ਠੇਕੇਦਾਰਾਂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਲਈ ਟਰੱਕਾਂ ਦੇ ਨਾਲ-ਨਾਲ ਵਿਸ਼ੇਸ਼ ਮਾਲ ਗੱਡੀਆਂ ਵੀ ਲੋਡ ਕਰ ਰਹੇ ਹਨ।
ਸ੍ਰੀ ਥਿੰਦ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਸਾਵਧਾਨੀ ਉਪਾਵਾਂ ਦੀ ਪਾਲਣਾ ਕਰਦਿਆਂ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਰੋਕਥਾਮ ਉਪਾਅ ਕੀਤੇ ਗਏ ਹਨ। ਜ਼ਿਲ੍ਹਾ ਦਫ਼ਤਰਾਂ ਅਤੇ ਗੋਦਾਮਾਂ ਨੂੰ ਸੈਨੇਟਾਈਜ ਕੀਤਾ ਗਿਆ ਹੈ। ਖੇਤਰੀ ਦਫ਼ਤਰ ਵਿਖੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਸਥਿਤੀ ਦੀ ਨਜ਼ਰਸਾਨੀ ਕੀਤੀ ਜਾ ਸਕੇ ਅਤੇ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਐਫ.ਸੀ.ਆਈ ਨੇ ਸੂਬਾ ਸਰਕਾਰ ਨਾਲ ਸਲਾਹ ਮਸ਼ਵਰੇ ਦੀ ਤਿਆਰੀ ਵੀ ਕੀਤੀ ਹੈ ਤਾਂ ਜੋ ਆਉਣ ਵਾਲੇ ਆਰ.ਐਮ.ਐੱਸ. ਵਿਚ ਕਣਕ ਦੀ ਸੁਚੱਜੀ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਹਾਲਾਤਾਂ ਵਿਚ ਐਫ.ਸੀ.ਆਈ. ਦੇ ਸਟਾਫ਼/ਅਧਿਕਾਰੀਆਂ ਅਤੇ ਮਜ਼ਦੂਰਾਂ/ਠੇਕੇਦਾਰਾਂ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ।