ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 5 ਅਪ੍ਰੈਲ 2020 - ਅੱਜ 15 ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ‘ਚ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਸਰਕਾਰ ਵੱਲੋਂ ਰਾਸ਼ਨ ਨਾ ਦਿੱਤੇ ਜਾਣ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਰੋਸ ’ਚ ਆਏ ਮਜ਼ਦੂਰਾਂ ਨੇ ਕੌਲੀਆਂ ਅਤੇ ਖਾਲੀ ਥਾਲ ਖੜਕਾਏ।
ਮਜਦੂਰਾਂ ਨੇ ਕੋਰੋਨਾ ਮਹਾਂਮਾਰੀ ਸਬੰਧੀ ਬਚਾਅ ਦੀਆਂ ਹਦਾਇਤਾਂ ਨੂੰ ਮੁੱਖ ਮੀਟਰ-ਮੀਟਰ ਦੀ ਦੂਰੀ ‘ਤੇ ਖੜ ਕੇ ਮੂੰਹ ਢੱਕ ਕੇ ਕੋਠਿਆਂ ਕੇ ਚੜੇ ਅਤੇ ਰੋਸ ਜਤਾਇਆ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਖੁੰਡੇ ਹਲਾਲ, ਭਾਗਸਰ, ਭੁੱਟੀ ਵਾਲਾ, ਖੂੰਨਣ ਖੁਰਦ, ਸਾਉਂਕੇ ਦਬੜਾ ਵਿਖੇ ਮਜ਼ਦੂਰਾਂ ਨੇ ਭੁੱਖ ਦੀ ਹਾਲ ਦੁਹਾਈ ਪਾਈ। ਮਜ਼ਦੂਰਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਆਪਣੇ ਘਰਾਂ ਵਿਚ ਬੈਠੇ ਹਨ ਤੇ ਕਰਫਿਊ ਲੱਗਿਆ ਹੋਣ ਕਰਕੇ ਸਾਰੇ ਕੰਮ ਰੁਕੇ ਪਏ ਹਨ। ਸਰਕਾਰ ਦਾ ਕਹਿਣਾ ਸੀ ਸਾਰੇ ਗਰੀਬਾਂ ਨੂੰ ਘਰ-ਘਰ ਰਾਸ਼ਨ ਭੇਜਿਆ ਜਾਵੇਗਾ ਪਰ ਪਿੰਡਾਂ ‘ਚ ਸਰਕਾਰੀ ਰਾਸ਼ਨ ਨਹੀਂ ਵੰਡਿਆ ਗਿਆ।
ਆਗੂਆਂ ਨੇ ਮੰਗ ਕੀਤੀ ਕਿ ਸਭਨਾ ਲਈ ਮੁਫਤ ਇਲਾਜ ਅਤੇ ਲੋੜਵੰਦਾਂ ਲਈ ਮੁਫਤ ਖਾਦ ਖੁਰਾਕ ਦੇਣਾ ਯਕੀਨੀ ਬਣਾਇਆ ਜਾਵੇ, ਪੇਂਡੂ ਤੇ ਸ਼ਹਿਰੀ ਆਬਾਦੀ ਦੇ ਧੁਰ ਹੇਠਾਂ ਤੱਕ ਸਿਹਤ ਕੇਂਦਰਾਂ ਅਤੇ ਲੋਕ ਵੰਡ ਪ੍ਰਣਾਲੀ ਲਈ ਰਾਸ਼ਨ ਡਿਪੂਆਂ ਦੇ ਢਾਂਚੇ ਦਾ ਪਸਾਰਾ ਕੀਤਾ ਜਾਵੇ, ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਇਨਾਂ ਦਾ ਜੰਗੀ ਪੱਧਰ ‘ਤੇ ਪਸਾਰਾ ਕੀਤਾ ਜਾਵੇ, ਇਸ ਮਹਾਂਮਾਰੀ ਦੇ ਟਾਕਰੇ ਲਈ ਵੱਡੇ ਪੱਧਰ ਤੇ ਲੋੜੀਂਦੇ ਫੰਡ ਜਾਰੀ ਕੀਤੇ ਜਾਣ, ਇਸ ਸਬੰਧੀ ਹੰਗਾਮੀ ਕਦਮ ਚੁੱਕਦਿਆਂ ਸਰਕਾਰੀ ਖਜਾਨੇ ਦਾ ਮੂੰਹ ਖੋਲਿਆ ਜਾਵੇ। ਵੱਡੇ ਉਦਯੋਗਪਤੀਆਂ ਅਤੇ ਵੱਡੇ ਭੌ ਮਾਲਕਾਂ ਦੀ ਉੱਪਰਲੀ 5-7 ਫੀਸਦੀ ਪਰਤ ਤੇ ਮੋਟਾ ‘‘ਮਹਾਂਮਾਰੀ ਟੈਕਸ‘‘ ਲਾ ਕੇ ਤੁਰੰਤ ਵਸੂਲੀ ਕੀਤੀ ਜਾਵੇ, ਲੋਕ ਵਲੰਟੀਅਰਾਂ ਦੀ ਅਥਾਹ ਸਕਤੀ ਨੂੰ ਸੇਵਾ ਸੰਭਾਲ ਤੇ ਸਿਹਤ ਜਾਗਰਤੀ ਲਈ ਹਰਕਤ ‘ਚ ਆਉਣ ਦਿੱਤਾ ਜਾਵੇ।
ਇਸ ਬਾਬਤ ਲੋੜੀਂਦੀ ਸਿਖਲਾਈ ਦਿੱਤੀ ਜਾਵੇ ਅਤੇ ਪਾਸ ਜਾਰੀ ਕੀਤੇ ਜਾਣ, ਪੁਲਿਸ ਸਖਤੀ, ਪ੍ਰਸਾਸਕੀ ਢਿੱਲ ਮੱਠ ਤੇ ਅੜੀਅਲ ਵਤੀਰੇ ਤੋਂ ਇਲਾਵਾ ਸਿਆਸੀ ਬੇਰੁਖੀ ਨੂੰ ਵੀ ਨੱਥ ਪਾਈ ਜਾਵੇ, ਹਾੜੀ ਦੇ ਸੀਜਨ ਨੂੰ ਮੁੱਖ ਰੱਖਦਿਆਂ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ, ਕਰੋਨਾ ਕਾਰਨ ਕੀਤੇ ਲਾਕਡਾਊਨ ਦੇ ਪੂਰੇ ਸਮੇਂ ਦੀ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਪੱਕੇ ਤੇ ਕੱਚੇ ਮਜ਼ਦੂਰਾਂ, ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਗਰੰਟੀ ਕੀਤੀ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਦੇ ਸਾਰੇ ਖੜੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਹੋਰਨਾਂ ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਭਾਕਿਯੂ ਦੇ ਜ਼ਿਲਾ ਆਗੂ ਜਗਦੇਵ ਸਿੰਘ ਭਾਗਸਰ, ਬਾਜ ਸਿੰਘ ਭੱਟੀ ਵਾਲਾ, ਕਾਕਾ ਸਿੰਘ ਖੰਡੇ ਹਲਾਲ, ਅਮਰੀਕ ਸਿੰਘ ਭਾਗਸਰ, ਹਰਫੂਲ ਸਿੰਘ ਭਾਗਸਰ ਤੋਂ ਹੋਰ ਵੀ ਆਗੂ ਹਾਜ਼ਰ ਸਨ।