ਫੇਜ਼ -9 ਦੇ ਹਾਕੀ ਸਟੇਡੀਅਮ ਨੂੰ ਅਸਥਾਈ ਜੇਲ੍ਹ ਵਿੱਚ ਕੀਤਾ ਤਬਦੀਲ
ਐਸ ਏ ਐਸ ਨਗਰ, 6 ਅਪ੍ਰੈਲ 2020: ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਫੇਜ਼ -9 ਦੇ ਹਾਕੀ ਸਟੇਡੀਅਮ ਨੂੰ ਅਸਥਾਈ ਜੇਲ ਵਿੱਚ ਤਬਦੀਲ ਕਰ ਦਿੱਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਨਾਹੀ ਦੇ ਹੁਕਮ ਲਾਗੂ ਹੋਣ ਤੱਕ ਸਟੇਡੀਅਮ ਨੂੰ ਅਸਥਾਈ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਕਦਮ ਦਾ ਮੁੱਖ ਮੰਤਵ ਕੋਵਿਡ-19 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਣਾ ਹੈ। ਮੁਹਾਲੀ ਸਬ ਡਵੀਜ਼ਨ ਵਿੱਚ ਫ੍ਰੈਂਕੋ ਹੋਟਲ, ਅੰਮ੍ਰਿਤ ਕੰਫੈਕਸ਼ਨਰੀ ਲਾਇਟ ਪੁਆਇੰਟ, ਸੋਹਾਨਾ ਚੌਕ ਅਤੇ ਫੇਜ਼ 8,9 ਦੀਆਂ ਲਾਈਟਾਂ ‘ਤੇ ਨਾਕੇ ਲਗਾਏ ਗਏ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 23 ਮਾਰਚ, 2020 ਤੋਂ 5 ਅਪ੍ਰੈਲ ਤੱਕ ਕੁੱਲ 289 ਐਫਆਈਆਰ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚ 391 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 410 ਵਾਹਨ ਜ਼ਬਤ ਕੀਤੇ ਗਏ।
ਡੀਸੀ ਨੇ ਲੋਕਾਂ ਨੂੰ ਸੁਸਾਇਟੀ ਦੇ ਹਿੱਤਾਂ ਲਈ ਘਰ ਦੇ ਅੰਦਰ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।