ਅਸ਼ੋਕ ਵਰਮਾ
ਮਾਨਸਾ, 06 ਅਪ੍ਰੈਲ 2020: ਮਾਨਸਾ ਜਿਲਾ ਪ੍ਰਸ਼ਾਸ਼ਨ ਨੇ ਮਕਾਨ ਮਾਲਕਾਂ ਨੂੰ ਆਪਣੇ ਵਤੀਰੇ ’ਚ ਸੁਧਾਰ ਲਿਆਉਣ ਲਈ ਤਾੜਨਾ ਕਰ ਦਿੱਤੀਂ ਹੈ। ਜਿਲਾ ਅਧਿਕਾਰੀਆਂ ਨੂੰ ਸ਼ਕਾਇਤਾਂ ਮਿਲੀਆਂ ਹਨ ਕਿ ਕਈ ਮਕਾਨ ਮਾਲਕ ਕਿਰਾਏਦਾਰਾਂ ਤੇ ਕਿਰਾਇਆ ਦੇਣ ਲਈ ਦਬਾਅ ਪਾ ਰਹੇ ਹਨ। ਅਜਿਹੀਆਂ ਰਿਪੋਰਟਾਂ ਨੂੰ ਦੇਖਦਿਆਂ ਪ੍ਰਸ਼ਾਸ਼ਨ ਨੇ ਸਪਸ਼ਟ ਕੀਤਾ ਹੈ ਕਿ ਮਕਾਨ ਮਾਲਕ ਕਿਰਾਏਦਾਰਾਂ ਨਾਲ ਸਹਿਯੋਗ ਕਰਨ। ਫਿਲਹਾਲ ਅਪੀਲ ਕੀਤੀ ਗਈ ਹੈ ਪਰ ਜੇ ਕੋਈ ਸਥਿਤੀ ਬਣਦੀ ਹੈ ਤਾਂ ਸਖਤੀ ਤੋਂ ਵੀ ਇਨਕਾਰ ਨਹੀਂ ਕੀਤਤਾ ਜਾ ਸਕਦਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ ਜੋ ਕਿ ਲਗਾਤਾਰ ਜਾਰੀ ਹੈ। ਲੋਕਾਂ ਦੇ ਘਰੋਂ ਬਾਹਰ ਨਿੱਕਲਣ ਤੇ ਪਾਬੰਦੀ ਹੈ ਤਾਂ ਜੋ ਉਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ। ਇਨਾਂ ਹਾਲਾਤਾਂ ਦੇ ਮੱਦੇਨਜ਼ਰ ਬਹੁਤੇ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਜਿੰਨਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ।
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾਂ ਨੇ ਆਪਣੇ ਮਕਾਨ ਕਿਰਾਏ ਤੇ ਦਿੱਤੇ ਹੋਏ ਹਨ, ਉਹ ਆਪਣੇ ਕਿਰਾਏਦਾਰਾਂ ਨਾਲ ਇਸ ਸੰਕਟ ਦੀ ਘੜੀ ਵਿਚ ਸਹਿਯੋਗ ਕਰਨ, ਉਨਾਂ ‘ਤੇ ਕਿਰਾਇਆ ਲੈਣ ਲਈ ਕਿਸੇ ਕਿਸਮ ਦਾ ਦਬਾਅ ਨਾ ਪਾਉਣ ਅਤੇ ਜੇਕਰ ਕੋਈ ਕਿਰਾਏਦਾਰ ਇਸ ਦੁੱਖ ਦੀ ਘੜੀ ਵਿਚ ਕਿਰਾਇਆ ਦੇਣ ਵਿਚ ਅਸਮਰਥ ਹੈ ਤਾਂ ਮਕਾਨ ਮਾਲਕ ਆਪਣੇ ਕਿਰਾਏਦਾਰਾਂ ‘ਤੇ ਕਰਫਿਊ ਦੇ ਹਾਲਾਤਾਂ ਵਿਚ ਕਿਰਾਏ ਸਬੰਧੀ ਕਿਸੇ ਕਿਸਮ ਦਾ ਦਬਾਅ ਜਾਂ ਉਨਾਂ ਨੂੰ ਘਰ ਛੱਡਣ ਲਈ ਨਾ ਕਹਿਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਲੋਕਾਂ ਨੂੰ ਇਨਸਾਨੀਅਤ ਦੇ ਨਾਮ ਤੇ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਸ਼ਲਾਘਾ ਕੀਤੀ ਕਿ ਕੁਝ ਲੋਕਾਂ, ਸੰਸਥਾਵਾਂ ਵੱਲੋਂ ਲੋੜਵੰਦਾਂ ਲਈ ਰੋਜ਼ਾਨਾ ਖਾਣਿਆਂ ਦੇ ਭੰਡਾਰ ਤਿਆਰ ਕੀਤੇ ਜਾ ਰਹੇ ਹਨ ਅਤੇ ਵੱਡੀ ਮਾਤਰਾ ਵਿਚ ਖਾਣ ਦਾ ਸਮਾਨ ਲੋੜਵੰਦਾਂ ਦੇ ਘਰਾਂ ਤੱਕ ਪਹੰੁਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਘੜੀ ਵਿਚ ਸਾਨੂੰ ਸਭ ਨੂੰ ਇਕ ਦੂਜੇ ਦਾ ਸਾਥ ਦੇਣ ਦੀ ਜ਼ਰੂਰਤ ਹੈ।