ਪਿੰਡਾਂ ਵਿਚ ਪਹਿਲੇ ਪੜਾਅ ਤਹਿਤ ਕਰਵਾਈ ਜਾ ਚੁੱਕੀ ਹੈ ਸੈਨੇਟਾਈਜੇਸ਼ਨ
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਇਹਤਿਆਤ ਵਰਤਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ
ਹਰਿੰਦਰ ਨਿੱਕਾ
ਬਰਨਾਲਾ 6 ਅਪ੍ਰੈਲ 2020: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਰਨਾਲਾ ਜ਼ਿਲੇ ਦੇ ਸ਼ਹਿਰਾਂ ਵਿੱਚ ਜਿੱਥੇ ਸੈਨੇਟਾਈਜ਼ੇਸ਼ਨ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ, ਉਥੇ ਜ਼ਿਲੇ ਦੇ ਸਾਰੇ ਪਿੰਡਾਂ ਵਿਚ ਸੈਨੇਟਾਈਜ਼ੇਸ਼ਨ ਕਰਵਾਈ ਗਈ ਹੈ। ਇਸ ਮੁਹਿੰਮ ਵਿੱਚ ਨਗਰ ਕੌਂਸਲ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਪਿੰਡਾਂ ਵਿਚ ਪੇਂਡੂ ਵਿਕਾਸ ਵਿਭਾਗ ਦੇ ਅਮਲੇ ਅਤੇ ਪੰਚਾਇਤਾਂ ਦਾ ਅਹਿਮ ਯੋਗਦਾਨ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਸ਼ਹਿਰਾਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਨਾਲ ਨਾਲ ਸ਼ਹਿਰਾਂ ਵਿੱਚ ਉਚੇਚੇ ਤੌਰ ’ਤੇ ਨਗਰ ਕੌਂਸਲਾਂ ਰਾਹੀਂ ਹਾਈਪ੍ਰੋਕਲੋਰਾਈਟ ਦੇ ਘੋਲ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ। ਸ਼ਹਿਰਾਂ ਵਿੱਚ ਬੈਂਕਾਂ, ਦੁਕਾਨਾਂ, ਬਾਜ਼ਾਰਾਂ ਤੇ ਹੋਰ ਜਨਤਕ ਥਾਵਾਂ ’ਤੇ ਇਹ ਛਿੜਕਾਅ ਕਰਵਾਇਆ ਜਾ ਰਿਹਾ ਹੈ। ਇਸੇ ਤਰਾਂ ਬਰਨਾਲਾ ਸ਼ਹਿਰ ਵਿੱਚ ਵੀ ਸੈਨੇਟਾਈਜ਼ੇਸ਼ਨ ਜੰਗੀ ਪੱਧਰ ’ਤੇ ਜਾਰੀ ਹੈ। ਉਨਾਂ ਦੱਸਿਆ ਕਿ ਸ਼ਹਿਰ ਦੇ ਸੇਖਾ ਰੋਡ ਨਾਲ ਸਬੰਧਤ ਸਾਰੇ ਇਲਾਕੇ ਦੀ ਸੈਨੇਟਾਈਜ਼ੇਸ਼ਨ ਕਰਵਾਈ ਗਈ ਹੈ। ਇਸ ਤੋਂ ਇਲਾਵਾ ਪਹਿਲੇ ਪੜਾਅ ਅਧੀਨ ਪਿੰਡਾਂ ਵਿਚ ਸੈਨੇਟਾੲਜ਼ੇਸ਼ਨ ਮੁਕੰਮਲ ਹੋ ਚੁੱਕੀ ਹੈ।
ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਸਾਫ ਸਫਾਈ ਰੱਖਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਅਤੇ ਖੰਘ ਜਾਂ ਛਿੱਕ ਆਉਣ ’ਤੇ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਜਾਵੇ। ਇਕ ਤੋਂ ਦੂਜੇ ਵਿਅਕਤੀ ਵਿਚਾਲੇ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਇਸ ਤੋਂ ਇਲਾਵਾ ਕਿਸੇ ਨਾਲ ਵੀ ਹੱਥ ਨਾ ਮਿਲਾਇਆ ਜਾਵੇ। ਉਨਾਂ ਕਿਹਾ ਕਿ ਲੋਕ ਘਰਾਂ ਵਿਚ ਹੀ ਰਹਿਣ ਅਤੇ ਕਰੋਨਾ ਵਾਇਰਸ ਬਾਰੇ ਅਫਵਾਹਾਂ ਤੋਂ ਬਚਿਆ ਜਾਵੇ।