ਸੰਜੀਵ ਸੂਦ
- ਘਰਾਂ ਚ ਪਾਏ ਵਸੇ ਆਲ੍ਹਣੇ, ਪੰਛੀ ਪ੍ਰੇਮੀ ਵੀ ਹੋਏ ਖੁਸ਼..
ਲੁਧਿਆਣਾ, 07 ਅਪ੍ਰੈਲ 2020 - ਪੂਰੇ ਵਿਸ਼ਵ ਭਰ 'ਚ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਕਰਕੇ ਲਾਕ ਡਾਊਨ ਚੱਲ ਰਿਹਾ ਹੈ। ਉਸ ਦਾ ਅਸਰ ਹੁਣ ਕੁਦਰਤ 'ਤੇ ਵੀ ਪੈਣ ਲੱਗਾ ਹੈ ਸਾਡਾ ਚੌਗਿਰਦਾ ਇਨ੍ਹਾਂ ਸਾਫ਼ ਸੁਥਰਾ ਹੋ ਗਿਆ ਹੈ ਕਿ ਕਈ ਪੰਛੀ ਜੋ ਲੁਪਤ ਹੋਣ ਦੀ ਕਗਾਰ 'ਤੇ ਸਨ ਉਹ ਵਿਖਾਈ ਦੇਣ ਲੱਗੇ ਹਨ। ਆਲ੍ਹਣਿਆਂ ਦੇ ਵਿੱਚ ਪੰਛੀ ਚਹਿਕ ਰਹੇ ਹਨ। ਕੁਦਰਤ ਮਨੁੱਖ 'ਤੇ ਫਿਰ ਭਾਰੀ ਪੈਂਦੀ ਵਿਖਾਈ ਦੇ ਰਹੀ ਹੈ। ਪੰਛੀ ਪ੍ਰੇਮੀ ਲੁਧਿਆਣਾ ਦੇ ਚਰਨਜੀਤ ਸਿੰਘ ਇਨ੍ਹਾਂ ਦਿਨਾਂ 'ਚ ਕਾਫੀ ਖੁਸ਼ ਨੇ ਕਿਉਂਕਿ ਉਨ੍ਹਾਂ ਦੇ ਘਰ 'ਚ ਆਲ੍ਹਣੇ ਚਿੜੀਆਂ ਨਾਲ ਭਰੇ ਹੋਏ ਹਨ।
ਪੰਛੀ ਪ੍ਰੇਮੀ ਅਤੇ ਵਾਤਾਵਰਣ ਪ੍ਰੇਮੀ ਚਰਨਜੀਤ ਸਿੰਘ ਨੇ ਨਾ ਸਿਰਫ ਪੰਛੀਆਂ 'ਤੇ ਇੱਕ ਖੂਬਸੂਰਤ ਕਵਿਤਾ ਲਿਖੀ ਹੈ ਸਗੋਂ ਉਨ੍ਹਾਂ ਦੱਸਿਆ ਕਿ ਉਹ ਬਚਪਨ ਤੋਂ ਹੀ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਪੰਜ ਸੂਬਿਆਂ ਦੇ ਮੁੱਖ ਮੰਤਰੀ ਉਨ੍ਹਾਂ ਦਾ ਪੰਛੀਆਂ ਪ੍ਰਤੀ ਪ੍ਰੇਮ ਵੇਖ ਕੇ ਸਨਮਾਨਿਤ ਵੀ ਕਰ ਚੁੱਕੇ ਹਨ। ਕੁਦਰਤੀ ਦਰੱਖਤਾਂ ਤੋਂ ਬਣਾਏ ਹੋਏ ਹੁਣ ਤੱਕ 3 ਲੱਖ ਤੋਂ ਵੱਧ ਆਲ੍ਹਣੇ ਉਹ ਪੰਛੀਆਂ ਲਈ ਬਣਾ ਚੁੱਕੇ ਨੇ। ਉਨ੍ਹਾਂ ਦੇ ਆਲ੍ਹਣੇ ਆਪਣੀ ਵਿਲੱਖਣਤਾ ਖੂਬਸੂਰਤੀ ਅਤੇ ਕੁਦਰਤੀ ਮਾਹੌਲ ਲਈ ਪੂਰੇ ਵਿਸ਼ਵ ਭਰ 'ਚ ਮਸ਼ਹੂਰ ਹਨ।
ਉਨ੍ਹਾਂ ਦੱਸਿਆ ਕਿ ਉਹ ਕੁਦਰਤੀ ਲੱਕੜ ਨਾਲ ਇਹ ਆਲ੍ਹਣੇ ਬਣਾਉਂਦੇ ਨੇ ਜਿਨ੍ਹਾਂ ਵਿੱਚ ਪੰਛੀ ਆ ਕੇ ਰਹਿੰਦੇ ਨੇ। ਚਰਨਜੀਤ ਨੇ ਦੱਸਿਆ ਕਿ ਇਹ ਮਾਹੌਲ ਬਹੁਤਾ ਚਿਰ ਨਹੀਂ ਰਹਿਣ ਵਾਲਾ ਜਦੋਂ ਤੱਕ ਬਿਮਾਰੀ ਹੈ ਇਹ ਉਦੋਂ ਤੱਕ ਹੀ ਹੈ ਉਸ ਤੋਂ ਬਾਅਦ ਮੁੜ ਤੋਂ ਮਸ਼ੀਨੀ ਯੁੱਗ ਸ਼ੁਰੂ ਹੋ ਜਾਵੇਗਾ ਅਤੇ ਇਨਸਾਨ ਦਾ ਕੁਦਰਤ ਅਤੇ ਵਾਤਾਵਰਨ ਪ੍ਰਤੀ ਪ੍ਰੇਮ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਤਰ੍ਹਾਂ ਦੇ ਪੰਛੀ ਹੁਣ ਵਿਖਾਈ ਦੇਣ ਲੱਗੇ ਨੇ ਇੱਲਾਂ ਜੋ ਕਾਫੀ ਸਮੇਂ ਤੋਂ ਨਹੀਂ ਵਿਖਾਈ ਦੇ ਰਹੀਆਂ ਸਨ ਉਹ ਵੀ ਨਜ਼ਰ ਆ ਰਹੀਆਂ ਨੇ। ਆਪਣੀ ਕਵਿਤਾ ਰਾਹੀਂ ਉਸ ਨੇ ਪੂਰੀ ਲੋਕਾਈ ਨੂੰ ਇੱਕ ਸੁਨੇਹਾ ਦਿੱਤਾ ਕਿ ਜੇਕਰ ਅਸੀਂ ਆਉਂਦੇ ਸਮੇਂ 'ਚ ਕੁਦਰਤ ਅਤੇ ਕੁਦਰਤ ਦੇ ਬਣਾਏ ਪਸ਼ੂ ਪੰਛੀਆਂ ਦੀ ਕਦਰ ਨਹੀਂ ਕੀਤੀ ਤਾਂ ਉਹ ਇਨਸਾਨ ਦੀ ਕਦਰ ਨਹੀਂ ਕਰਨਗੇ।