ਅੱਜ 7 ਪਾਜੇਟਿਵ ਕੇਸ ਆਏ ਸਾਹਮਣੇ, ਦੂਜੇ ਪਾਜੇਟਿਵ ਕੇਸ ਦੇ ਸੰਪਰਕ ਵਿਚ ਸਨ
ਜ਼ਿਲ੍ਹਾ ਪ੍ਰਸ਼ਾਸਨ ਰੋਕਥਾਮ ਲਈ ਚੁੱਕ ਰਿਹਾ ਹੈ ਹਰ ਸੰਭਵ ਕਦਮ
ਐਸ ਏ ਐਸ ਨਗਰ, 07 ਅਪ੍ਰੈਲ 2020: "ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾਵਾਇਰਸ ਦੇ ਸੰਭਾਵਤ ਪਾਜੇਟਿਵ ਮਾਮਲਿਆਂ ਦਾ ਪਤਾ ਲਗਾਉਣ ਲਈ ਵਿਆਪਕ ਸੰਪਰਕਾਂ ਦਾ ਪਤਾ ਲਗਾ ਰਿਹਾ ਹੈ ਜੋ ਇਸ ਤੱਥ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਲਏ ਗਏ 2368 ਨਮੂਨਿਆਂ ਵਿਚੋਂ, ਤਕਰੀਬਨ 600 ਯਾਨੀ 25 ਪ੍ਰਤੀਸ਼ਤ ਐਸ.ਏ.ਐਸ ਨਗਰ ਪ੍ਰਸ਼ਾਸਨ ਵੱਲੋਂ ਲਏ ਗਏ ਹਨ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਅੱਜ ਪਿੰਡ ਜਵਾਹਰਪੁਰ ਤੋਂ 7 ਪਾਜੇਟਿਵ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੇ ਨਮੂਨੇ ਇਸ ਕਰਕੇ ਲਏ ਗਏ ਸਨ ਕਿਉਂਕਿ ਉਹ ਜੀਐਮਸੀਐਚ -32 ਵਿਚਲੇ ਇਕ ਪਾਜੇਟਿਵ ਕੇਸ ਦੇ ਸੰਪਰਕ ਵਿਚ ਆਏ ਸਨ।
ਡੀ.ਸੀ. ਨੇ ਇਹ ਵੀ ਕਿਹਾ ਕਿ ਪਾਜੇਟਿਵ ਪਾਏ ਗਏ ਲੋਕਾਂ ਦੇ ਅਗਲੇ ਸੰਪਰਕਾਂ ਦੇ ਕੁੱਲ 118 ਨਮੂਨੇ ਲਏ ਗਏ ਹਨ। ਕੰਟੇਨਮੈਂਟ ਪ੍ਰੋਟੋਕੋਲ ਦੀ ਤੁਰੰਤ ਸ਼ੁਰੂਆਤ ਦੇ ਹਿੱਸੇ ਵਜੋਂ, ਲੱਛਣਾਂ ਦੀ ਜਾਂਚ ਲਈ 522 ਘਰਾਂ ਦਾ ਸਰਵੇਖਣ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਪਿੰਡ ਨੂੰ ਪਹਿਲਾਂ ਹੀ ਸਾਵਧਾਨੀ ਦੇ ਤੌਰ ‘ਤੇ ਸੀਲ ਕਰ ਦਿੱਤਾ ਗਿਆ ਹੈ।
ਉਹਨਾਂ ਅੱਗੇ ਕਿਹਾ ਕਿ ਜਗਤਪੁਰਾ ਪਿੰਡ ਵਿੱਚ ਇੱਕ ਪਾਜੇਟਿਵ ਵਿਅਕਤੀ ਦੇ 55 ਸੰਪਰਕ ਲੱਭੇ ਗਏ ਅਤੇ ਨਮੂਨੇ ਲਏ ਗਏ।
ਡੀਸੀ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਘਰਾਂ ਦੇ ਅੰਦਰ ਹੀ ਰਹਿਣ ਦੀ ਤਾਕੀਦ ਕੀਤੀ ਅਤੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।