← ਪਿਛੇ ਪਰਤੋ
ਚੰਡੀਗੜ, 7 ਅਪ੍ਰੈਲ 2020: ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬਿਜਲੀ ਖਪਤਕਾਰਾਂ ਲਈ ਨਿਰਧਾਰਤ ਖਰਚਿਆਂ ਨੂੰ ਘਟਾਉਣ ਅਤੇ ਬਿੱਲਾਂ ਦੀ ਅਦਾਇਗੀ ਦੀ ਸਮਾਂ ਸੀਮਾ ਅੱਗੇ ਪਾਉਣ ਨੂੰ ਸਨਅਤ ਲਈ ਵੱਡੀ ਰਾਹਤ ਕਰਾਰ ਦਿੰਦਿਆਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਲਏ ਗਏ ਫੈਸਲਿਆਂ ਨਾਲ ਉਦਯੋਗ ਨੂੰ ਬਹੁਤ ਫਾਇਦਾ ਹੋਏਗਾ ਜਿਸਨੂੰ ਕੋਵਿਡ 19 ਦੇ ਪ੍ਰਕੋਪ ਕਰਕੇ ਭਾਰੀ ਮਾਰ ਪਈ ਹੈ। ਅਰੋੜਾ ਨੇ ਕਿਹਾ ਕਿ ਬਿਨਾਂ ਕਿਸੇ ਲੇਟ ਫੀਸ ਦੇ ਸਾਰੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਦੀ ਨਿਰਧਾਰਤ ਮਿਤੀ ਵਿੱਚ ਵਾਧਾ ਕਰਨ ਦਾ ਇਹ ਫੈਸਲਾ ਸਹੀ ਸਮੇਂ 'ਤੇ ਲਿਆ ਗਿਆ ਹੈ। ਇਸ ਸਮੇਂ ਉਦਯੋਗ ਦੇ ਬਚਾਅ ਲਈ ਅੱਗੇ ਆਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਜਿਸ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਦੁਆਰਾ ਕਈ ਉਪਰਾਲੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸਾਰੇ ਉਦਯੋਗਿਕ ਖਪਤਕਾਰਾਂ- ਮੀਡੀਅਮ ਤੇ ਵੱਡੇ ਪੱਧਰ 'ਤੇ ਸਪਲਾਈ ਵਾਲੇ ਉਦਯੋਗਿਕ ਖਪਤਕਾਰਾਂ ਦੁਆਰਾ 20 ਮਾਰਚ, 2020 ਜਾਂ ਇਸ ਤੋਂ ਬਾਅਦ ਅਦਾ ਕੀਤੇ ਜਾਣ ਵਾਲੇ ਬਿਜਲੀ ਬਿੱਲਾਂ ਦੀ ਅਦਾਇਗੀ ਦੀ ਨਿਰਧਾਰਤ ਮਿਤੀ ਵਿੱਚ 1 ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਉਦਯੋਗਿਕ ਖਪਤਕਾਰਾਂ ਨੂੰ 23 ਮਾਰਚ 2020 ਤੋਂ ਬਾਅਦ ਅਗਲੇ ਦੋ ਮਹੀਨਿਆਂ ਲਈ ਨਿਰਧਾਰਤ ਖਰਚਿਆਂ ਤੋਂ ਵੀ ਛੋਟ ਦਿੱਤੀ ਜਾਵੇਗੀ ਅਤੇ ਉਨਾਂ ਦੇ ਬਿਜਲੀ ਬਿੱਲ ਸਥਿਰ ਖਰਚਿਆਂ (ਇਕਹਿਰੀ ਕੀਮਤ) ਦੇ ਵਿੱਚ ਕਟੌਤੀ ਦੇ ਅਨੁਕੂਲ ਹੋ ਸਕਦੇ ਹਨ। ਇਸ ਤੋਂ ਇਲਾਵਾ, ਉਨਾਂ ਖਪਤਕਾਰਾਂ ਨੂੰ (ਪਹਿਲਾਂ ਦੇ ਬਕਾਏ ਤੋਂ ਇਲਾਵਾ) 1 ਫੀਸਦੀ ਛੋਟ ਦਿੱਤੀ ਜਾਵੇਗੀ ਜੋ ਡਿਜੀਟਲ ਤਰੀਕੇ ਰਾਹੀਂ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਅਸਲ ਨਿਰਧਾਰਤ ਮਿਤੀ 'ਤੇ ਕਰਨਗੇ।
Total Responses : 265