ਹਰਿੰਦਰ ਨਿੱਕਾ
- ਵਿਸ਼ਵ ਸਿਹਤ ਦਿਵਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਡਿਸਪੈਂਸਰੀਆਂ ਲਈ ਦਵਾਈਆਂ ਰਵਾਨਾ
- 33 ਪੇਂਡੂ ਡਿਸਪੈਂਸਰੀਆਂ ’ਚ ਭੇਜੀਆਂ ਜਾ ਰਹੀਆਂ ਹਨ ਦਵਾਈਆਂ
ਬਰਨਾਲਾ, 7 ਅਪਰੈਲ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਸਾਰੀ ਦੁਨੀਆਂ ਜੂਝ ਰਹੀ ਹੈ ਤੇ ਇਸ ਵੇਲੇ ਮਿਆਰੀ ਸਿਹਤ ਸੇਵਾਵਾਂ ਸਭ ਤੋਂ ਵੱਡੀ ਲੋੜ ਹੈ। ਇਸ ਲਈ ਪੇਂਡੂ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਕੋਈ ਕਮੀ ਨਾ ਆਵੇ, ਇਸ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਜ਼ਿਲੇ ਦੀਆਂ 33 ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਲਈ ਦਵਾਈਆਂ ਭੇਜਣ ਮੌਕੇ ਕੀਤਾ। ਉਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਦਵਾਈ ਲੈਣ ਲਈ ਸ਼ਹਿਰਾਂ ’ਚ ਨਾ ਆਉਣ ਪਵੇ, ਇਸ ਵਾਸਤੇ ਸਾਰੀਆਂ ਲੋੜੀਂਦੀਆਂ ਦਵਾਈਆਂ ਪੇਂਡੂ ਡਿਸਪੈਂਸਰੀਆਂ ਵਿੱਚ ਭੇਜੀਆਂ ਗਈਆਂ ਹਨ। ਉਨਾਂ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਇਹ ਦਵਾਈਆਂ ਮੁਹੱਈਆ ਕਰਾਈਆਂ ਗਈਆਂ ਹਨ, ਜੋ ਸਾਰੀਆਂ ਡਿਸਪੈਂਸਰੀਆਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਹਾਜ਼ਰ ਸਨ।