ਜੀ ਐਸ ਪੰਨੂ
ਪਟਿਆਲਾ, 7 ਅਪ੍ਰੈਲ 2020 - ਜ਼ਿਲ੍ਹਾ ਅਧਿਕਾਰੀਆਂ ਫਲੈਗ ਮਾਰਚ ਕੱਢਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾਵਾਇਰਸ ਨੂੰ ਫੈਲਣ ਤੋਂ ਲਗਾਏ ਗਏ ਇਸ ਕਰਫਿਊ ਨੂੰ ਆਮ ਕਰਫਿਊ ਸਮਝਣ ਤੋਂ ਗੁਰੇਜ਼ ਕਰਦੇ ਹੋਏ ਆਪਣੇ ਘਰਾਂ ਵਿੱਚ ਹੀ ਰਹਿਣ ਕਿਉਂਕਿ ਇਸ ਵਾਇਰਸ ਦੀ ਮਹਾਂਮਾਰੀ ਨੇ ਕਿਸੇ ਨਾਲ ਲਿਹਾਜ ਨਹੀਂ ਕਰਨਾ ਸੋ ਦੇ ਕਿਸੇ ਕਰਫਿਊ ਦੀ ਉਲੰਘਣਾ ਕੀਤੀ ਤਾਂ ਸਖ਼ਤੀ ਵਰਤਦਿਆਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸੇ ਲਈ ਹੁਣ ਤੱਕ 221 ਪਰਚੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 7 ਪਰਚੇ ਅੱਜ ਦਰਜ ਕੀਤੇ ਗਏ ਹਨ। ਜਦੋਂਕਿ 277 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਜਿਨ੍ਹਾਂ ਵਿੱਚੋਂ 7 ਜਣੇ ਅੱਜ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਫਲੈਗ ਮਾਰਚ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹੋਈ। ਇਸ ਤੋਂ ਅੱਗੇ ਇਹ ਫਲੈਗ ਮਾਰਚ ਸਿਵਲ ਲਾਈਨਜ ਤੇ ਥਾਪਰ ਯੂਨੀਵਰਸਿਟੀ ਚੌਂਕ, 22 ਨੰਬਰ ਫਾਟਕ ਪੁਲ, ਲੀਲਾ ਭਵਨ, ਖੰਡਾ ਚੌਂਕ, ਫੁਹਾਰਾ ਚੌਂਕ, ਸ਼ੇਰਾਂ ਵਾਲਾ ਗੇਟ, ਧਰਮਪੁਰਾ ਬਾਜ਼ਾਰ, ਅਨਾਰਦਾਣਾ ਚੌਂਕ, ਅਦਾਲਤ ਬਾਜ਼ਾਰ, ਗੁੜ ਮੰਡੀ, ਭਾਂਡਿਆਂ ਵਾਲਾ ਬਾਜ਼ਾਰ, ਕਿਲਾ ਚੌਂਕ, ਆਰੀਆ ਸਮਾਜ, ਸਰਹਿੰਦੀ ਬਾਜ਼ਾਰ, ਸਰਾਫ਼ਾ ਬਾਜ਼ਾਰ, ਲਾਹੌਰੀ ਗੇਟ, ਬੱਸ ਅੱਡਾ, ਰਾਜਪੁਰਾ ਕਲੋਨੀ ਬਾਜ਼ਾਰ, ਗੁਰਬਖ਼ਸ਼ ਕਲੋਨੀ, ਜੁਝਾਰ ਨਗਰ, ਸਰਹਿੰਦ ਬਾਈਪਾਸ, ਅਲੀਪੁਰ, ਸਰਹਿੰਦ ਰੋਡ, ਤ੍ਰਿਪੜੀ, ਫੂਲਕੀਆਂ ਇਨਕਲੇਵ ਰੋਡ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਲੋਕਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਤੋਂ ਵਰਜ਼ਿਆ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਇਸ ਹੰਗਾਮੀ ਸਥਿਤੀ ਨਾਲ ਨਜਿੱਠਣ ਦਾ ਇੱਕੋ-ਇੱਕ ਹੱਲ ਹੈ ਕਿ ਅਸੀਂ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਆਪਣੇ ਘਰਾਂ ਵਿੱਚ ਰਹੀਏ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਵਰਨਾਂ ਪ੍ਰਸ਼ਾਸਨ ਸਖ਼ਤੀ ਵਰਤੇਗਾ।
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ, ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਇਤ, ਸਹਾਇਕ ਕਮਿਸ਼ਨਰ ਜਨਰਲ ਡਾ. ਇਸਮਤ ਵਿਜੇ ਸਿੰਘ, ਡੀ.ਐਸ.ਪੀ. ਯੋਗੇਸ਼ ਕੁਮਾਰ, ਡੀ.ਐਸ.ਪੀ. ਸੌਰਵ ਜਿੰਦਲ, ਪੀ.ਸੀ.ਐਸ. ਟ੍ਰੇਨੀ . ਜਗਨੂਰ ਸਿੰਘ ਗਰੇਵਾਲ ਸਮੇਤ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਮੌਜੂਦ ਸਨ।