ਸਾਰੀਆਂ ਕੰਬਾਇਨਾਂ ਬਿਓਰੋ ਆਫ ਇੰਡੀਅਨ ਸਟੈਂਡਰਡ ਸਰਟੀਫਿਕੇਟ ਮੁਤਾਬਕ ਹੀ ਹੋਣੀਆਂ ਲਾਜ਼ਮੀ
ਹਰੀਸ਼ ਕਾਲੜਾ
ਰੂਪਨਗਰ 07 ਅਪ੍ਰੈਲ 2020: ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਸੋਨਾਲੀ ਗਿਰਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ COVID-19 (ਕਰੋਨਾ ਵਾਇਰਸ) ਨੂੰ ਮੱਦੇਨਜਰ ਪੰਜਾਬ ਰਾਜ ਵਿੱਚ ਮਿਤੀ 14.04.2020 ਤੱਕ ਕਰਫਿਊ ਲਾਗੂ ਕੀਤਾ ਹੋਇਆ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਵਿੱਚ ਧਾਰਾ 144 ਅਧੀਨ ਕਿਸਾਨਾਂ ਨੂੰ ਕਣਕ ਦੀ ਕਟਾਈ ਕਰਨ ਦੀ ਛੋਟ ਦਿੱਤੀ ਗਈ ਹੈ। ਕਣਕ ਦੀ ਕਟਾਈ ਦਾ ਸੀਜ਼ਨ ਸਾਲ 2020 ਸ਼ੁਰੂ ਹੋ ਚੁੱਕਾ ਹੈ। ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ।
ਇਹ ਕੰਬਾਈਨਾਂ ਰਾਤ ਵੇਲੇ ਹਰੀ ਕਣਕ ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਨਹੀ ਹੁੰਦੀ (ਭਾਵ ਦਾਣਾ ਕੱਚਾ) ਕੱਟ ਦਿੰਦੀਆਂ ਹਨ। ਹਰੀ ਕੱਟੀ ਹੋਈ ਕਣਕ ਸੁੱਕਣ ਤੇ ਕਾਲੀ ਪੈ ਜਾਂਦੀ ਹੈ।ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਈਨਾਂ ਜੋ ਕਿ ਕਟਾਈ ਲਈ ਵਰਤੋਂ ਕੀਤੀ ਜਾਂਦੀ ਹੈ, ਕਣਕ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਨਾਲ ਕੁਆਲਿਟੀ ਘੱਟ ਜਾਂਦੀ ਹੈ।ਇਸ ਤੋ ਇਲਾਵਾ ਪੁਰਾਣੀ ਕੰਬਾਈਨਾਂ ਵਿੱਚ ਮਕੈਨੀਕਲ ਨੁਕਸ ਹੋਣ ਕਾਰਨ ਕਣਕ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ। ਜਿਸ ਕਰਕੇ ਖ੍ਰੀਦ ਏਜੰਸੀਆਂ ਇਸ ਦੀ ਖਰੀਦ ਕਰਨ ਤੋ ਗੁਰੇਜ ਕਰਦੀਆਂ ਹਨ। ਜਿਸ ਨਾਲ ਸਿੱਧਾ ਅਸਰ ਦੇਸ਼ ਦੇ ਉਤਪਾਦਨ ਤੇ ਵੀ ਪੈਂਦਾ ਹੈ ਅਤੇ ਕਣਕ ਦੀ ਵਿਕਰੀ ਨਾ ਹੋਣ ਕਰਕੇ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਇਸ ਲਈ ਇਨ੍ਹਾਂ ਕੰਬਾਇਨਾਂ ਨੂੰ ਰਾਤ ਵੇਲੇ ਚਲਾਉਣ ਅਤੇ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾ ਤੇ ਪਾਬੰਦੀ ਲਗਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸ਼ਾਮ 7.00 ਵਜੇ ਤੋਂ ਬਾਅਦ ਅਤੇ ਸਵੇਰੇ 6.00 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ਦੀ ਪਾਬੰਦੀ ਲਗਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਰਾਤ ਸਮੇਂ ਪਈ ਤਰੇਲ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵੱਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੰਬਾਇਨ ਚੱਲਣ ਦਾ ਸਮਾਂ ਸਵੇਰੇ 6.00 ਵਜੇ ਤੋਂ ਸ਼ਾਮ 07.00 ਵਜੇ ਤੱਕ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਬਾਕੀ ਸਮੇ ਤੇ ਕੰਬਾਇਨ ਚਲਾਉਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਕੰਬਾਇਨਾਂ ਹਾਰਵੈਸਟਰ ਪੁਰਾਣੀਆਂ ਹੋ ਚੁੱਕੀਆਂ ਹੁੰਦੀਆਂ ਹਨ। ਇਸ ਲਈ ਅਜਿਹੀਆਂ ਕੰਬਾਇਨਾਂ ਚਲਾਉਣ ਤੇ ਵੀ ਰੋਕ ਲਗਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਕੰਬਾਇਨਾਂ ਬਿਓਰੋ ਆਫ ਇੰਡੀਅਨ ਸਟੈਂਡਰਡ ਸਰਟੀਫਿਕੇਟ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਜੇਕਰ ਕੋਈ ਵਿਅਕਤੀ ਸ਼ਾਮ 7.00 ਵਜੇ ਤੋਂ ਬਾਅਦ ਅਤੇ ਸਵੇਰੇ 6.00 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਦਾ ਪਾਇਆ ਗਿਆ ਤਾਂ ਉਸ ਦੀ ਕੰਬਾਇਨ 07 ਦਿਨਾਂ ਲਈ ਜਬਤ ਕਰ ਲਈ ਜਾਵੇਗੀ।