ਕੋਰੋਨਾ ਵਾਇਰਸ ਦੇ ਇਲਾਜ ਦੇ ਸੰਬੰਧ ਵਿਚ ਪ੍ਰਬੰਧਾਂ ਦਾ ਲਿਆ ਜਾਇਜਾ
ਸਟਾਫ ਨੂੰ ਕੀਤਾ ਪ੍ਰੇਰਿਤ ਅਤੇ ਕੀਤੀ ਸ਼ਲਾਘਾ
ਐਸ ਏ ਐਸ ਨਗਰ, 8 ਅਪ੍ਰੈਲ 2020: ਕੋਰੋਨਾ ਵਾਇਰਸ ਦੇ ਇਲਾਜ ਸੰਬੰਧੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਸਿਵਲ ਹਸਪਤਾਲ ਫੇਜ਼ - 6 ਦਾ ਅਚਨਚੇਤ ਦੌਰਾ ਕੀਤਾ।
ਸਿਹਤ ਮੰਤਰੀ ਨੇ ਇਸ ਮੌਕੇ ਕੋਰੋਨਾ ਵਾਇਰਸ ਲਈ ਪਾਜੇਟਿਵ ਪਾਏ ਗਏ ਮਰੀਜਾਂ ਦੇ ਇਲਾਜ ਦਾ ਜਾਇਜ਼ਾ ਲੈਣ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੇ ਉਪਕਰਣਾਂ ਅਤੇ ਦਵਾਈਆਂ ਅਤੇ ਸੈਨੀਟਾਈਜੇਸ਼ਨ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੰਤਰੀ ਨੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਪਤਾ ਲਗਾਇਆ। ਉਹਨਾਂ ਡਾਕਟਰਾਂ ਤੇ ਸਟਾਫ ਨੂੰ ਵਿਸ਼ਵਾਸ ਦਿਵਾਇਆ ਕਿ ਕੰਮ ਜਾਰੀ ਰੱਖਣ ਦੇ ਯੋਗ ਬਣਾਉਣ ਲਈ ਉਨ੍ਹਾਂ ਨੂੰ ਸਾਰੇ ਲੋੜੀਂਦੇ ਉਪਕਰਣ ਅਤੇ ਪੈਰਾਫੇਰੀਅਲ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੰਦੇ ਹੋਏ ਮੰਤਰੀ ਨੇ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਫਲ ਮਿਲਿਆ ਹੈ ਅਤੇ ਬਹੁਤ ਸਾਰੇ ਮਰੀਜ਼ ਠੀਕ ਹੋ ਗਏ ਹਨ ਅਤੇ ਘਰ ਚਲੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਵਿਰੁੱਧ ਇਸ ਲੜਾਈ ਵਿੱਚ ਇਕੱਠੇ ਹੋਣ ਦੀ ਲੋੜ ਹੈ ਅਤੇ ਅਸੀਂ ਇਸ ਨੂੰ ਜ਼ਰੂਰ ਹਰਾਵਾਂਗੇ।
ਇਸ ਮੌਕੇ ਇਕ ਐਨਜੀਓ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ, ਚੰਡੀਗੜ੍ਹ ਨੇ 2 ਥਰਮਾਮੀਟਰ ਗਨ ਤੋਂ ਇਲਾਵਾ 50 ਪੀਪੀਈ ਕਿੱਟਾਂ, 1000 ਟ੍ਰਿਪਲ ਲੇਅਰ ਮਾਸਕ, 100 ਐਨ -95 ਮਾਸਕ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਮਨਜੀਤ ਸਿੰਘ, ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਕਮਲਜੀਤ ਸਿੰਘ ਪੰਛੀ, ਪ੍ਰਧਾਨ ਕਮਲ ਗੁਪਤਾ ਅਤੇ ਵਿੱਤ ਸਕੱਤਰ ਮਨਪ੍ਰੀਤ ਸਿੰਘ ਸ਼ਾਮਲ ਸਨ।