ਸੈਨੀਟਾਈਜੇਸ਼ਨ ਕਰਮਚਾਰੀਆਂ ਨੂੰ ਸਫਾਈ ਦੇ ਦੂਤ ਦੱਸਿਆ
ਐਸ ਏ ਐਸ ਨਗਰ, 08 ਅਪ੍ਰੈਲ 2020: "ਪੰਜਾਬ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਇਸ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਫੇਜ਼ - 7 ਵਿਖੇ ਸਵੱਛਤਾ ਮੁਹਿੰਮ ਚਲਾਈ ਗਈ।"
ਆਪਣੀ ਨਿੱਜੀ ਨਿਗਰਾਨੀ ਹੇਠ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਮੁਹਾਲੀ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਰਿਹਾ ਹੈ ਅਤੇ ਸਮੇਂ ਦੀ ਲੋੜ ਰਫ਼ਤਾਰ ਨੂੰ ਜਾਰੀ ਰੱਖਣਾ ਹੈ।
ਸੈਨੀਟਾਈਜੇਸ਼ਨ ਦੇ ਕੰਮ ਵਿਚ ਲੱਗੇ ਸਟਾਫ ਨੂੰ ਸਫਾਈ ਦੇ ਦੂਤ ਦੱਸਦਿਆਂ ਮੰਤਰੀ ਨੇ ਭਰੋਸਾ ਦਿੱਤਾ ਕਿ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰਾਂ ਨਾਲ ਸੰਬੰਧਤ ਸੁਰੱਖਿਆ ਉਪਕਰਣਾਂ ਸੰਬੰਧੀ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਰੋਗਾਣੂ-ਮੁਕਤ ਕਰਨ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਸਪਰੇਅ ਮਸ਼ੀਨਾਂ, ਫਾਇਰ ਟੈਂਡਰ, ਹੈਂਡ ਸਪਰੇਅ ਪੰਪ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿੰਡਾਂ ਤੋਂ ਇਲਾਵਾ ਝੁੱਗੀਆਂ ਦੇ ਖੇਤਰਾਂ ਨੂੰ ਪਹਿਲ ਦੇ ਅਧਾਰ ‘ਤੇ ਰੋਗਾਣੂ ਮੁਕਤ ਕੀਤਾ ਜਾ ਰਿਹਾ ਹੈ।