ਰਜਨੀਸ਼ ਸਰੀਨ
- ਸੰਸਥਾਂਵਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਹਾਸਲ ਕਰਨ
- ‘ਸਮਾਜਿਕ ਫ਼ਾਸਲੇ’ ਦੀ ਘਾਟ ਕਾਰਨ ਲੰਗਰ ਦੌਰਾਨ ਹੁੰਦਾ ਇਕੱਠ ਬਣ ਸਕਦਾ ਬਿਮਾਰੀ ਦਾ ਕਾਰਨ
ਨਵਾਂਸ਼ਹਿਰ, 8 ਅਪਰੈਲ 2020 - ਜ਼ਿਲ੍ਹਾ ਪੁਲਿਸ ਨੇ ਕਰਫ਼ਿਊ ਦੌਰਾਨ ਕੁੱਝ ਲੋਕਾਂ ਵੱਲੋਂ ਲੰਗਰ ਤਿਆਰ ਕਰਕੇ ਗਰੀਬ ਲੋਕਾਂ ਨੂੰ ਜਾਂ ਆਮ ਲੋਕਾਂ ਨੂੰ ਹਰ ਸ਼ਹਿਰ/ਪਿੰਡ ਅਤੇ ਗਲੀ ਮੁਹੱਲਿਆਂ ਵਿੱਚ ਵੰਡਣ ਦੌਰਾਨ ‘ਸਮਾਜਿਕ ਫ਼ਾਸਲੇ’ ਦੀ ਘਾਟ ਕਾਰਨ ਭਵਿੱਖ ’ਚ ਅਜਿਹੇ ਕਿਸੇ ਵੀ ਲੰਗਰ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜੂਰੀ ਲਾਜ਼ਮੀ ਕਰ ਦਿੱਤੀ ਹੈ।
ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਜੇਕਰ ਇਸ ‘ਸਮਾਜਿਕ ਫ਼ਾਸਲੇ’ ਦੀ ਕਮੀ ਦੇ ਚਲਦਿਆਂ ਲੰਗਰ ਬਣਾਉਣ/ਵੰਡਣ ਵਾਲੇ ਵਿਅਕਤੀਆਂ ਵਿੱਚੋਂ ਜੇਕਰ ਇੱਕ ਵੀ ਵਿਅਕਤੀ ਕੋਰੋਨਾ ਬੀਮਾਰੀ ਨਾਲ ਪੀੜਤ ਹੋਇਆ ਤਾਂ ਇਹ ਮਹਾਂਮਾਰੀ ਕਾਫ਼ੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਇਸ ਬੀਮਾਰੀ ਤੋਂ ਬਚਾਓ ਲਈ ‘ਸੋਸ਼ਲ ਡਿਸਟੈਂਸਿੰਗ’ ਨੂੰ ਕਾਇਮ ਰੱਖਣਾ ਬਹੁਤ ਹੀ ਜ਼ਰੂਰੀ ਹੈ।
ਇਸ ਲਈ ਅਗਰ ਕੋਈ ਵੀ ਵਿਅਕਤੀ ਬਿਨਾਂ ਮਨਜ਼ੂਰੀ ਜਾਂ ਅਧਿਕਾਰਿਤ ਪਾਸ ਅਜਿਹਾ ਲੰਗਰ ਬਣਾਉਂਦਾ ਜਾਂ ਵੰਡਦਾ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਵਿੱਚ ਆਇਆ ਤਾਂ ਉਸਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲਿਸ ਅਨੁਸਾਰ ਜੇਕਰ ਕੋਈ ਐਨ.ਜੀ.ਓ ਜਾਂ ਸੰਸਥਾ ਲੰਗਰ ਵਰਤਾਉਣ ਲਈ ਚਾਹਵਾਨ ਹੈ ਤਾਂ ਉਹ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜਾਂ ਐਸ ਡੀ ਐਮ ਦਫ਼ਤਰ ਪਾਸੋਂ ਅਧਿਕਾਰਿਤ ਪਾਸ ਹਾਸਲ ਕਰਕੇ ਹੀ ਲੰਗਰ ਤਿਆਰ ਕਰ/ਵਰਤਾ ਸਕਦਾ ਹੈ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮਨਜ਼ੂਰਸ਼ੁਦਾ ਲੰਗਰ ਵਰਤਾਉਣ ਵਾਲੀ ਸੰਸਥਾ ਦਾ ਮੁਖੀ ਖੁਦ ਜ਼ਿੰਮੇਵਾਰ ਹੋਵੇਗਾ ਕਿ ਉਸ ਸੰਸਥਾ ਵਿੱਚ ਲੰਗਰ ਤਿਆਰ ਕਰਨ ਅਤੇ ਵਰਤਾਉਣ ਵਾਲੇ ਵਿਅਕਤੀਆਂ ਵੱਲੋਂ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਪੀੜ੍ਹਤ ਨਾ ਹੋਵੇ, ਕਿਉਂਕਿ ਇਹ ਇੱਕ ਮਹਾਂਮਾਰੀ ਦੀ ਬੀਮਾਰੀ ਹੈ, ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਬਹੁਤ ਜਲਦੀ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਸਮੂਹ ਜਿਲ੍ਹਾ ਨਵਾਂਸ਼ਹਿਰ ਦੇ ਵਾਸੀਆ ਨੂੰ ਬੇਨਤੀ ਹੈ ਕਿ ਸਾਰੇ ਇਸ ਸੰਕਟ ਦੀ ਘੜੀ ਵਿੱਚ ਕਰਫਿਊ ਦੋਰਾਨ ਆਪਣੇ ਘਰਾਂ ਵਿੱਚ ਰਹਿ ਦੇ ਪੁਲਿਸ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਦੇਣ ਅਤੇ ਆਪਣੇ ਫਰਜਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤਾਂ ਜੋ ਕਿਸੇ ਨਾ ਸਮਝ ਵਿਅਕਤੀ ਵੱਲੋਂ ਕੀਤੀ ਗਲਤੀ ਦੇ ਕਾਰਨ ਉਸਦਾ ਖਮਿਆਜ਼ਾ ਸਾਰੇ ਸਮਾਜ ਨੂੰ ਨਾ ਭੁਗਤਣਾ ਪੈ ਸਕੇ।