ਰਜਨੀਸ਼ ਸਰੀਨ
- ਕੋਰੋਨਾ ਤੋਂ ਬਚਾਅ ਲਈ ਲੋਕ ਘਰਾਂ ’ਚ ਰਹਿਣ
- ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਲੋਕਾਂ ’ਚ ਬਿਮਾਰੀ ਫ਼ੈਲਣ ਤੋਂ ਬਚਾਅ ਲਈ
- ਹਰ ਇੱਕ ਲੋੜਵੰਦ ਤੱਕ ਭੇਜਿਆ ਜਾ ਰਿਹਾ ਹੈ ਰਾਸ਼ਨ
ਬਲਾਚੌਰ, 8 ਅਪਰੈਲ 2020 - ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਇੱਥੇ ਆਖਿਆ ਕਿ ਬਲਾਚੌਰ ’ਚ 15 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਕਣਕ ਦੇ ਸੀਜ਼ਨ ਦੌਰਾਨ ਕਿਸੇ ਵੀ ਜਿਮੀਂਦਾਰ ਜਾਂ ਆੜ੍ਹਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ-19 ਪਾਬੰਦੀਆਂ ਕਾਰਨ ਪਹਿਲਾਂ ਹੀ ਖਰੀਦ ਸੀਜ਼ਨ ਨੂੰ ਜੂਨ ਤੱਕ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੰਡੀਆਂ ’ਚ ਆੜ੍ਹਤੀਆਂ, ਮਜ਼ਦੂਰਾਂ ਅਤੇ ਜਿਮੀਂਦਾਰਾਂ ਦੀ ਸਿਹਤ ਦਾ ਪੂਰਾ ਖਿਆਲ ਰੱਖਣ ਲਈ ਭੀੜ ਹੋਣ ਤੋਂ ਰੋਕੀ ਜਾਵੇਗੀ ਅਤੇ ਪਰਚੀ ਪ੍ਰਣਾਲੀ ਰਾਹੀਂ ਜਿਣਸ ਨੂੰ ਮੰਡੀਆਂ ’ਚ ਵਾਰੀ ਸਿਰ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਲੋਕ ਘਰਾਂ ’ਚ ਹੀ ਰਹਿਣ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਵਿਧਾਇਕ ਮੰਗੂਪੁਰ ਅਨੁਸਾਰ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਪਰਿਵਾਰਾਂ ਨੂੰ ਆਟਾ-ਦਾਲ ਸਕੀਮ ਤਹਿਤ ਕਣਕ ਦੀ ਵੰਡ ਰਹਿ ਗਈ ਸੀ, ਉਹ ਵੀ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਕਮਜ਼ੋਰ ਪਰਿਵਾਰਾਂ ਨੂੰ ਕਰਫ਼ਿਊ ਦੌਰਾਨ ਕੋਈ ਮੁਸ਼ਕਿਲ ਨਾ ਆਵੇ।
ਚੌ. ਮੰਗੂਪੁਰ ਨੇ ਬਲਾਚੌਰ ਹਲਕੇ ’ਚ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਮੁਸ਼ਕਿਲ ਨਾ ਆਉਣ ਦੇਣ ਲਈ ਤਹਿਸੀਲ ਪ੍ਰਸ਼ਸਾਨ ਵੱਲੋਂ ਕੀਤੇ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਹਿੱਤ ’ਚ ਜ਼ਰੂਰੀ ਵਸਤਾਂ, ਦਵਾਈਆਂ ਆਦਿ ਦੀ ਉਪਲਬਧਤਾ ਦੇ ਫੈਸਲੇ ਬੜੇ ਸੁਚੱਜੇ ਢੰਗ ਨਾਲ ਲਏ ਗਏ ਹਨ।
ਉਨ੍ਹਾਂ ਨੇ ਬਲਾਚੌਰ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਸਰ ਤੋਂ ਬਚਾਅ ਲਈ ਸਰਕਾਰ ਵੱਲੋਂ ਸੁਝਾਈਆਂ ਸਾਵਧਾਨੀਆਂ ਜਿਵੇਂ ਕਿ ਘਰਾਂ ’ਚ ਰਹਿਣ, ਭੀੜ ’ਚ ਨਾ ਜਾਣ, ਮਜਬੂਰੀ ’ਚ ਬਾਹਰ ਨਿਕਲਣ ’ਤੇ ਮਾਸਕ ਲਗਾਉਣ, ਦੂਸਰੇ ਵਿਅਕਤੀ ਤੋਂ ਡੇਢ ਮੀਟਰ ਦਾ ਫ਼ਾਸਲਾ ਰੱਖਣ ਅਤੇ ਆਪਣੇ ਹੱਥ ਵਾਰ ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਧੋਣ, ਦਾ ਪੂਰਾ ਖਿਆਲ ਰੱਖਿਆ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਜਸਬੀਰ ਸਿੰਘ, ਡੀ ਐਸ ਪੀ ਜਤਿੰਦਰਜੀਤ ਸਿੰਘ, ਤਹਿਸੀਲਦਾਰ ਚੇਤਨ ਬੰਗੜ, ਐਸ ਐਮ ਓ ਡਾ. ਰਵਿੰਦਰ ਠਾਕੁਰ ਅਤੇ ਡੀ ਐਫ ਐਸ ਓ ਜਤਿਨ ਵਰਮਾ ਮੌਜੂਦ ਸਨ।