ਅਸ਼ੋਕ ਵਰਮਾ
ਬਠਿੰਡਾ, 8 ਅਪ੍ਰੈਲ 2020 - ਕਰੋਨਾ ਤੋਂ ਬਚਾਓ ਲਈ ਸਮਾਜਿਕ ਦੂਰੀ ਬਣਾਕੇ ਰੱਖਦੇ ਹੋਏ ਕਣਕ ਦੀ ਖਰੀਦ ਨੂੰ ਯਕੀਨੀ ਬਨਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਮੰਗ ਕੀਤੀ ਕਿ ਘਰ-ਘਰ ਬਾਰਦਾਨਾ ਦੇ ਕੇ ਹਰ ਕਿਸਾਨ ਨੂੰ ਘਰੇ ਹੀ ਬੋਰੀਆਂ ਭਰਨ ਦੀ ਜਿੰਮੇਵਾਰੀ ਦਿੱਤੀ ਜਾਵੇ ਤੇ ਘਰਾਂ ਤੋਂ ਕਣਕ ਚੁੱਕਣ ਦੀ ਗਰੰਟੀ ਕੀਤੀ ਜਾਵੇ, ਖੁਦ ਬੋਰੀਆਂ ਭਰਨ ਤੋਂ ਅਸਮਰੱਥ ਕਿਸਾਨਾਂ ਦੀ ਮੱਦਦ ਲਈ ਮਨਰੇਗਾ ਮਜ਼ਦੂਰ ਲਾਏ ਜਾਣ ਅਤੇ ਬੋਰੀਆਂ ਭਰੇ ਜਾਣ ਵਾਲੇ ਦਿਨ ਤੋਂ ਹੀ ਕਣਕ ਸਰਕਾਰੀ ਐਲਾਨ ਕੇ ਤੁਰੰਤ ਅਦਾਇਕੀ ਦਾ ਪ੍ਰਬੰਧ ਕੀਤਾ ਜਾਵੇ। ਅਤੇ ਘਰਾਂ ’ਚ ਕਣਕ ਸੰਭਾਲਣ ਤੋਂ ਅਸਮਰੱਥ ਗਰੀਬ ਕਿਸਾਨਾਂ ਨੂੰ ਪਹਿਲ ਦੇ ਕੇ ਉਹਨਾਂ ਦੀ ਕਣਕ ਪਹਿਲ ਦੇ ਅਧਾਰ ’ਤੇ ਖਰੀਦਣ ਲਈ ਮੰਡੀਆਂ ਦੀ ਗਿਣਤੀ ਵਧਾਉਣ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ। ਅਤੇ ਘਰਾਂ ’ਚ ਕਣਕ ਸੰਭਾਲ ਕੇ 1 ਮਈ ਤੋਂ ਪਿੱਛੋਂ ਮੰਡੀ ’ਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਅਤੇ 1 ਜੂਨ ਤੋਂ ਪਿੱਛੋਂ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਰਿਆਲਟੀ ਦਿੱਤੀ ਜਾਵੇ। ਇਹ ਮੰਗ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਇੱਕ ਬਿਆਨ ਰਾਹੀਂ ਕੀਤੀ ਗਈ।
ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਸੁਝਾਵਾਂ ’ਤੇ ਤੁਰੰਤ ਗੌਰ ਕਰਕੇ ਇਹਨਾਂ ’ਤੇ ਅਮਲਦਾਰੀ ਨੂੰ ਯਕੀਨੀ ਬਣਾਵੇ। ਉਹਨਾਂ ਆਖਿਆ ਕਿ ਸੰਕਟ ਦੇ ਇਸ ਦੌਰ ’ਚ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਲਈ ਤੁਰੰਤ ਹਰਕਤ ’ਚ ਆਵੇ। ਉਹਨਾਂ ਆਖਿਆ ਕਿ ਅਜਿਹੀ ਸਜੁੱਚੀ ਯੋਜਨਾ ਬੰਦੀ ਤੋਂ ਬਿਨਾਂ ਜਿੱਥੇ ਕਣਕ ਦੇ ਰੁਲਣ ਦਾ ਖਤਰਾ ਹੈ ਉੱਥੇ ਮੰਡੀਆਂ ’ਚ ਭੀੜਾਂ ਦੇ ਜਮਾਂ ਹੋਣ ਕਰਕੇ ਕਰੋਨਾ ਦੀ ਲਾਗ ਦੇ ਫੈਲਣ ਦਾ ਹਕੀਕੀ ਖਤਰਾ ਕਿਸਾਨਾਂ-ਮਜ਼ਦੂਰਾਂ ਦੇ ਸਿਰ ਮੰਡਰਾ ਰਿਹਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਣਕ ਰੁਲਣ ਤੇ ਲਾਗ ਫੈਲਣ ਤੋਂ ਰੋਕਣ ਲਈ ਜੇਕਰ ਸਰਕਾਰ ਨੇ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਉਹ ਮਜ਼ਬੂਰੀ ਵੱਸ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। ਉਹਨਾਂ ਜਿੱਥੇ ਕਿਸਾਨਾਂ ਨੂੰ ਅਜਿਹੀ ਹਾਲਤ ’ਚ ਸਭ ਸਾਵਧਾਨੀਆਂ ਵਰਤਕੇ ਦਿੱਤੇ ਜਾਣ ਵਾਲੇ ਸੱਦੇ ਨੂੰ ਲਾਗੂ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਉੱਥੇ ਕੇਂਦਰ ਤੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਸਥਿਤੀ ਪੈਦਾ ਨਾ ਹੋਣ ਦੇਵੇ ਜਿਸ ਨਾਲ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਮਜ਼ਬੂਰ ਹੋਣਾ ਪਵੇ।
ਖਰੀਦ ਕੇਂਦਰ ਦੁੱਗਣੇ ਕਰਨ ਦਾ ਫੈਸਲਾ:ਡੀਸੀ
ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿਚ ਔਸਤਨ 10 ਲੱਖ ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾਂਦੀ ਹੈ ਅਤੇ ਇਸ ਸਾਲ ਵੀ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦਣ ਲਈ ਸਾਰੇ ਢੁਕਵੇਂ ਇੰਤਜਾਮ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ ਸਾਲਾਂ ਦੌਰਾਨ ਜ਼ਿਲੇ ਵਿਚ 185 ਖਰੀਦ ਕੇਂਦਰ ਸਥਾਪਿਤ ਕੀਤੇ ਜਾਂਦੇ ਸਨ ਪਰ ਇਸ ਸਾਲ ਇੰਨਾਂ ਦੀ ਗਿਣਤੀ 400 ਤੱਕ ਵਧਾਏ ਜਾਣ ਦੀ ਯੋਜਨਾ ਹੈ ਤਾਂ ਜੋ ਖਰੀਦ ਕੇਂਦਰਾਂ ਤੇ ਕਿਸਾਨਾਂ ਦੀ ਭੀੜ ਨਾ ਹੋਵੇ ਅਤੇ ਲੋਕਾਂ ਦੀ ਸਮਾਜਿਕ ਦੂਰੀ ਬਣੀ ਰਹੇ।
ਖਰੀਦ ਨਾਲ ਜੁੜੇ ਅਧਿਕਾਰੀਆਂ ਦਾ ਪੱਖ
ਜ਼ਿਲੇ ਮੰਡੀ ਅਫ਼ਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਖਰੀਦ ਕੇਂਦਰਾਂ ਵਿਚ ਸਫਾਈ, ਪਾਣੀ ਅਤੇ ਰੌਸ਼ਨੀ ਦੇ ਪ੍ਰਬੰਧਾਂ ਦਾ ਕੰਮ 14 ਅਪ੍ਰੈਲ ਤੱਕ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਫੂਡ ਸਪਲਾਈ ਕੰਟਰੋਲਰ ਸ: ਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਹਰ ਕਿਸਾਨ ਦੀ ਸਾਰੀ ਫਸਲ ਖਰੀਦ ਕੀਤੀ ਜਾਵੇਗੀ। ਮਾਰਕਫੈਡ ਦੇ ਜ਼ਿਲਾ ਮੈਨੇਜਰ ਸ: ਐਚ.ਐਸ. ਧਾਲੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫਸਲ ਦੀ ਕਟਾਈ ਉਦੋਂ ਹੀ ਕਰਨ ਜਦ ਕਣਕ ਦੀ ਫਸਲ ਪੂਰੀ ਤਰਾਂ ਪੱਕ ਜਾਵੇ। ਉਨਾਂ ਨੇ ਕਿਹਾ ਕਿ ਕਿਸਾਨ ਮਾਰਕਿਟ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਹੀ ਫਸਲ ਮੰਡੀ ਵਿਚ ਲੈਕੇ ਆਵੇ।