ਕਿਹਾ, ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਜੋ ਸਮਾਨ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ
ਫ਼ਿਰੋਜ਼ਪੁਰ 08 ਅਪ੍ਰੈਲ 2020: ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਵੱਲੋਂ ਸੀ. ਐੱਚ .ਸੀ ਗੁਰੂਹਰਸਹਾਏ ਵਿਖੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਬਣਾਏ ਗਏ ਆਈਸੋਲੇਸ਼ਨ ਵਾਰਡ ਅਤੇ ਹਸਪਤਾਲ ਵਿਖੇ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ।
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਹਸਪਤਾਲ ਵਿਚ ਡਿਊਟੀ ਕਰਦੇ ਡਾਕਟਰਾਂ ਅਤੇ ਸਮੂਹ ਸਟਾਫ਼ ਦੀ ਹੌਸਲਾ ਅਫਜਾਈ ਕੀਤੀ ਅਤੇ ਕੋਰੋਨਾ ਖਿਲਾਫ ਜੰਗ ਲੜਨ ਲਈ ਪੂਰੀ ਤਨਦੇਹੀ ਨਾਲ ਡਿਊਟੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਹਸਪਤਾਲਾਂ ਵਿਚ ਕਿਸੇ ਵੀ ਸਾਜੋ ਸਾਮਾਨ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਬਿਮਾਰੀ ਨਾਲ ਨਜਿੱਠਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਬਿਮਾਰੀ ਜ਼ਿਆਦਾ ਨਾ ਫੈਲੇ ਜਿਸ ਲਈ ਸੂਬੇ ਵਿਚ ਕਰਫ਼ਿਊ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰਫ਼ਿਊ ਦੌਰਾਨ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਵੀ ਸਮੇਂ ਸਮੇਂ ਤੇ ਨਵੀਆਂ ਯੋਜਨਾਵਾਂ ਬਣਾ ਕੇ ਲੋਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ਸਿਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਿਦਾਇਤਾਂ ਜਿਵੇਂ ਕਿ ਘਰੋਂ ਬਾਹਰ ਨਾ ਜਾਣ, ਘਰ ਵਿਚ ਹੀ ਰਹਿਣ ਅਤੇ ਕਿਸੇ ਵੀ ਵਿਅਕਤੀ ਨਾਲ ਗੱਲ ਕਰਦੇ ਸਮੇਂ ਘੱਟੋ-ਘੱਟ ਦੋ ਮੀਟਰ ਦਾ ਫ਼ਾਸਲਾ ਜ਼ਰੂਰ ਰੱਖਣ,ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣ ਆਦਿ ਦੀ ਪਾਲਨਾ ਕਰਨ ਤਾਂ ਜੋ ਇਸ ਬਿਮਾਰੀ ਖ਼ਿਲਾਫ਼ ਜੰਗ ਨੂੰ ਜਿੱਤਿਆ ਜਾ ਸਕੇ । ਇਸ ਦੌਰਾਨ ਉਨ੍ਹਾਂ ਸਬੰਧਿਤ ਡਾਕਟਰ ਨੂੰ ਕਿਹਾ ਕਿ ਉਹ ਆਪਣੇ ਸਟਾਫ਼ ਨਾਲ ਪਿੰਡਾਂ ਵਿਚ ਜਾ ਕੇ ਫਲੂ ਕੇਸਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ।
ਇਸ ਮੌਕੇ ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ,ਡਾਕਟਰ ਹਰਬੰਸ ਲਾਲ ,ਡਾ ਗੁਰਵਿੰਦਰ ਸਿੰਘ, ਬਿੱਕੀ ਕੌਰ ਬੀ.ਈ.ਈ.,ਰਾਜੀਵ ਕੁਮਾਰ ,ਅੰਗਰੇਜ਼ ਸਿੰਘ, ਅਜੇ ਕੁਮਾਰ ਐਮ ਐਲ ਟੀ ,ਸੰਦੀਪ ਸਿੰਘ ਆਦਿ ਹਾਜ਼ਰ ਸਨ।