ਚੌਧਰੀ ਮਨਸੂਰ ਘਨੋਕੇ
ਕਾਦੀਆਂ, 8 ਅਪ੍ਰੈਲ 2020 - ਮੁਸਲਿਮ ਜਮਾਤੇ ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਅੱਜ ਜਾਰੀ ਪ੍ਰੈਸ ਬਿਆਨ ਚ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਰਕਾਰੀ ਕਾਨੂੰਨਾਂ ਦੀ ਪਾਲਣਾ ਕਰਨਾ ਨਾ ਸਿਰਫ਼ ਮੁਸਲਮਾਨਾਂ ਤੇ ਫ਼ਰਜ਼ ਹੈ ਬਲਕਿ ਧਾਰਮਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਹੈ ਕਿ ਇਸਲਾਮ ਕੁਦਰਤ ਤੇ ਆਧਾਰਿਤ ਧਰਮ ਹੈ। ਜੋ ਦੁਆ ਦੇ ਨਾਲ ਸਾਵਧਾਨੀ ਰੱਖਣ ਬਾਰੇ ਸਾਨੂੰ ਸੁਚੇਤ ਕਰਦਾ ਹੈ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਨੇ ਫ਼ਰਮਾਇਆ ਸੀ ਕਿ ਜੇ ਕਿਸੇ ਖੇਤਰ 'ਚ ਮਹਾਮਾਰੀ ਆ ਜਾਵੇ ਤਾਂ ਉਸ ਖੇਤਰ ਚ ਦਾਖ਼ਿਲ ਨਾ ਹੋਵੋ। ਅਤੇ ਜੇ ਤੁਸੀਂ ਉਸ ਖੇਤਰ ਅੰਦਰ ਮੌਜੂਦ ਹੋਵੋ ਤਾਂ ਬਾਹਰ ਨਾ ਨਿਕਲੋ। ਇਸੇ ਤਰ੍ਹਾਂ ਮੁਹੰਮਦ ਸਾਹਿਬ ਨੇ ਬੀਮਾਰੀ ਦੀ ਸੂਰਤ ਚ ਇੱਕ ਦੂਜੇ ਤੋਂ ਦੂਰੀ ਬਣਾਏ ਰਖਣ ਦਾ ਵੀ ਹੁਕਮ ਦਿੱਤਾ ਹੈ। ਤਾਂ ਕਿ ਤਦੰਰੁਸਤ ਇਨਸਾਨ ਬਿਮਾਰੀ ਦੇ ਘੇਰੇ ਚ ਨਾ ਆ ਜਾਵੇ। ਇਸੇ ਤਰ੍ਹਾਂ ਜਾਨਵਰਾਂ ਲਈ ਵੀ ਇਸੇ ਤਰ੍ਹਾਂ ਦੇ ਹੁਕਮ ਦਿੱਤੇ ਗਏ ਹਨ।
ਜਮਾਤੇ ਅਹਿਮਦੀਆ ਦੇ ਬੁਲਾਰੇ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਜਦੋਂ ਵੀ ਛਿਕਦੇ ਸਨ ਤਾਂ ਆਪ ਆਪਣਾ ਚਿਹਰਾ ਢੱਕ ਲੈਂਦੇ ਸਨ। ਉਨ੍ਹਾਂ ਕਿਹਾ ਕਿ ਕੁਝ ਮੁਸਲਮਾਨ ਆਪਣੀ ਅਸਲ ਸਿੱਖਿਆਵਾਂ ਨੂੰ ਭੁਲਾ ਚੁੱਕੇ ਹਨ। ਇਸ ਲਈ ਮਹਾਮਾਰੀ ਦੇ ਮੌਕੇ ਤੇ ਆਪਣੀ ਸਮਾਜਿਕ ਅਤੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਭੁਲਾ ਬੈਠੇ ਹਨ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਇਸਲਾਮ ਦੀ ਸਿਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਸਰਕਾਰ ਵਲੋਂ ਦੱਸੇ ਗਏ ਦਿਸ਼ਾ ਨਿਰਦੇਸ਼ਾਂ 'ਚ ਚੱਲ ਰਹੀ ਹੈ।