ਅਸ਼ੋਕ ਵਰਮਾ
ਬਠਿੰਡਾ, 9 ਅਪਰੈਲ 2020 - ਮਜਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੇ ਕਨਵੀਨਰ ਜਗਦੀਸ਼ ਕੁਮਾਰ ਅਤੇ ਕੋ-ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਪਾਵਰਕੌਮ ਵੱਲੋਂ ਮੁਲਾਜਮਾਂ ਦੀਆਂ ਤਨਖਾਹਾਂ ’ਚ 40 ਫੀਸਦੀ ਕਟੌਤੀ ਕਰਨ ਦੇ ਫੈਸਲੇ ਨੂੰ ਗੈਰਜਮਹੂਰੀ ਅਤੇ ਮੰਦਭਾਗਾ ਕਰਾਰ ਦਿੰਦਿਆਂ ਇਸ ਕਦਮ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਕੋਰੋਨਾ ਦੀ ਮਹਾਂਮਾਰੀ ਕਾਰਨ ਮਾਲੀਆ ਇਕੱਠਾ ਹੋਣ ‘ਚ ਆਈ ਗਿਰਾਵਟ ਦੀ ਭਰਪਾਈ ਕਰਨ ਲਈ ਸਰਕਾਰ ਤੋਂ ਮੰਗ ਕਰਨ ਦੀ ਬਜਾਏ ਬਿਜਲੀ ਕਾਮਿਆਂ ਦੀ ਤਨਖਾਹ ਕੱਟ ਲਈ ਹੈ । ਉਨਾਂ ਆਖਿਆ ਕਿ ਬਿਜਲੀ ਕਾਮਿਆਂ ਵਲੋਂ ਤਨਖਾਹਾਂ ਜਾਰੀ ਕਰਵਾਉਣ ਲਈ ਕੀਤੇ ਜਾਣ ਵਾਲੇ ਸੰਘਰਸ਼ ਦੀ ਤਾਲਮੇਲ ਕੇਂਦਰ ਪੂਰਨ ਹਮਾਇਤ ਕਰੇਗਾ।
ਆਗੂਆਂ ਨੇ ਅੱਗੇ ਕਿਹਾ ਕਿ ਕਰੋਨਾ ਨਾਲ ਨਜਿੱਠਣ ਲਈ ਸਰਕਾਰ ਦੇ ਯਤਨ ਨਾਕਾਫੀ ਸਿੱਧ ਹੋ ਰਹੇ ਹਨ ਪਰ ਆਪਣੀ ਨਾਕਾਮੀ ਤੇ ਪਰਦਾ ਪਾਉਣ ਲਈ ਸਰਕਾਰ ਕਰਫਿਊ ਰਾਹੀਂ ਲੋਕਾਂ ਨੂੰ ਘਰਾਂ ’ਚ ਡੱਕ ਕੇ ਮਹਾਂਮਾਰੀ ਦਾ ਇਲਾਜ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਇਸ ਸੰਕਟ ਵਿੱਚ ਬਿਜਲੀ ਪਾਣੀ ਸਿਹਤ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਉਹੀ ਮੁਲਾਜ਼ਮ ਬਿਨਾਂ ਕਿਸੇ ਸੁਰੱਖਿਆ ਸਾਮਾਨ ਦੇ ਬੇਖ਼ੌਫ਼ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਜਦੋਂਕਿ ਨੂੰ ਸਰਕਾਰ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਲਈ ਇੰਨਾਂ ਖਿਲਾਫ ਭੰਡੀ ਪ੍ਰਚਾਰ ਕਰਦੀ ਰਹਿੰਦੀ ਹੈ । ਉਨਾਂ ਕਿਹਾ ਕਿ ਇਨਾਂ ਮੁਲਾਜ਼ਮਾਂ ਨੂੰ ਵੀ ਇਹ ਭਿਆਨਕ ਬਿਮਾਰੀ ਲੱਗਣ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਕਈ ਨਰਸਾਂ ਤੇ ਡਾਕਟਰਾਂ ਨੂੰ ਇਹ ਲੱਗ ਵੀ ਚੁੱਕੀ ਹੈ। ਉਨ ਬਿਜਲੀ ਕਾਮੇ ਇਸ ਖ਼ਤਰੇ ਵਾਲੇ ਮਾਹੌਲ ਵਿੱਚ ਬਿਜਲੀ ਸਪਲਾਈ ਨੂੰ ਨਿਰਵਿਘਨ ਚਾਲੂ ਰੱਖ ਰਹੇ ਹਨ ਪਰ ਮੈਨੇਜਮੈਂਟ ਨੇ ਉਨਾਂ ਦਾ ਨਾ ਤਾਂ ਪੰਜਾਹ ਲੱਖ ਦਾ ਬੀਮਾ ਕੀਤਾ ਅਤੇ ਨਾ ਹੀ ਉਤਸ਼ਾਹ ਵਧਾਉਣ ਲਈ ਸਪੈਸਲ ਭੱਤਾ ਦਿੱਤਾ ਸਗੋਂ ਤਨਖਾਹ ’ਚ ਕਟੌਤੀ ਕਰਕੇ ਜ਼ਲੀਲ ਕਰਨ ਵਾਲਾ ਫਰਮਾਨ ਜਾਰੀ ਕਰ ਦਿੱਤਾ ਜਿਸ ਦੀ ਪੁਰਜੋਰ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੀ ਕੱਟੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਇਸ ਮਹਾਂਮਾਰੀ ਵਿੱਚ ਆਪਣੀ ਜਾਨ ਜੋਖਮ ‘ਚ‘ ਪਾ ਕੇ ਡਿਊਟੀ ਨਿਭਾ ਰਹੇ ਸਾਰੇ ਸਰਕਾਰੀ ਅਤੇ ਠੇਕਾ ਕਾਮਿਆਂ ਦਾ ਪੰਜਾਹ ਲੱਖ ਦਾ ਬੀਮਾ ਕੀਤਾ ਜਾਵੇ ਅਤੇ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ । ਮੁਲਾਜਮਾਂ ਦੀ ਹੌਸਲਾ ਅਫਜ਼ਾਈ ਲਈ ਸਪੈਸ਼ਲ ਭੱਤਾ ਦਿੱਤਾ ਜਾਵੇ ਮੁਲਾਜਮਾਂ ਨੂੰ ਡੀ.ਸੀ ਤੋਂ ਕਰਫਿਊ ਪਾਸ ਜਾਰੀ ਕਰਵਾਏ ਜਾਣ , ਰੋਜਗਾਰ ਤੇ ਉਜਰਤਾਂ ਦੀ ਗਰੰਟੀ ਕੀਤੀ ਜਾਏ, ਕਾਰਪੋਰਟ ਵੱਡੇ ਹਸਪਤਾਲਾਂ ਨੂੰ ਸਰਕਾਰ ਆਪਣੇ ਹਵਾਲੇ ਲਏ ਸਾਰੇ ਲੋੜਵੰਦਾਂ ਅਤੇ ਰੁਜ਼ਗਾਰ ਹੀਣ ਹੋਏ ਪ੍ਰਵਾਸੀ ਅਤੇ ਖੇਤ ਮਜ਼ਦੂਰ ਤੱਕ ਸਰਕਾਰੀ ਤੌਰ ਤੇ ਖਾਧ ਖੁਰਾਕ ਦਾ ਪ੍ਰਬੰਧ ਕੀਤਾ ਜਾਵੇ।