ਅਸ਼ੋਕ ਵਰਮਾ
ਬਠਿੰਡਾ, 9 ਅਪਰੈਲ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਅਤੇ ਲਾਕਡਾਊਨ ਹੋਣ ਕਾਰਨ ਸਰਕਾਰੀ ਮੁਲਾਜਮਾਂ ਦੀ ਤਨਖਾਹ ਦੇਣ ਲਈ ਸਾਰੇ ਖਜਾਨਾ ਦਫਤਰਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਗਈ ਸੀ ਕਿ ਕਿਸੇ ਵੀ ਡੀ.ਡੀ.ਉ. ਤੋਂ ਤਨਖਾਹ ਦੇ ਬਿੱਲਾਂ ਦੀ ਹਾਰਡ ਕਾਪੀ ਦੀ ਮੰਗ ਨਾ ਕੀਤੀ ਜਾਵੇ ਅਤੇ ਸਾਰੇ ਤਨਖਾਹ ਦੇ ਬਿੱਲ ਆਨ ਲਾਇਨ ਸਵਿਕਾਰ ਕਰਕੇ ਪਾਸ ਕੀਤੇ ਜਾਣ। ਜਿਲ੍ਹਾ ਖਜਾਨਾ ਅਫਸਰ ਬਠਿੰਡਾ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦੀ ਉਲਘਨਾਂ ਕਰਦਿਆਂ ਸਾਰੇ ਡੀ.ਡੀ.ਉਜ ਤੋਂ ਤਨਖਾਹ ਬਿੱਲ ਦੇ ਫਰੰਟ ਪੇਜ ਦੀ ਹਾਰਡ ਕਾਪੀ ਖਜਾਨਾ ਦਫਤਰ ਵਿਖੇ ਜਮਾ ਕਰਵਾਉਣ ਲਈ ਮਜਬੂਰ ਕਰ ਰਿਹਾ ਹੈ। ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਦੀ ਜਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਖਜਾਨਾ ਅਫਸਰ ਬਠਿੰਡਾ ਦਲਜੀਤ ਸਿੰਘ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਕੂਲਾਂ ਦੇ ਤਨਖਾਹ ਬਿੱਲ ਆਨਲਾਈਨ ਪਾਸ ਕਰਕੇ ਸਾਰੇ ਬਿੱਲਾਂ ਦੀ ਅਦਾਇਗੀ ਕਰਨ ਦੀ ਬਜਾਏ ਬਿੱਲ ਦੇ ਫਰੰਟ ਪੇਜ ਦੀ ਹਾਰਡ ਕਾਪੀ ਲੈਣ ਲਈ ਬਜਿਦ ਹਨ।
ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਅਤੇ ਜਸਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਸਰਕਾਰ ਨੇ ਅਤੇ ਸਾਰੇ ਸਰਕਾਰੀ ਦਫਤਰਾਂ ਵਿੱਚ ਸਾਰਾ ਕੰਮ ਆਨਲਾਈਨ ਇਸ ਕਰਕੇ ਕੀਤਾ ਹੈ ਕਿਉਂ ਕਿ ਕਾਗਜ ਕੋਰੋਨਾ ਵਾਇਰਸ ਦੇ ਵਾਹਕ ਬਣਦੇ ਹਨ। ਜਦੋਂ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਲਾਕਡਾਉਨ ਕਰਕੇ ਸਾਰੇ ਬਣਦੇ ਕਦਮ ਚੁੱਕ ਰਹੀ ਹੈ ਅਜਿਹੇ ਸਮੇਂ ਖਜਾਨਾ ਅਫਸਰ ਸਰਕਾਰੀ ਹਦਾਇਤਾਂ ਦੀ ਉਲਘੰਣਾ ਕਰਕੇ ਸਕੂਲਾਂ ਦੇ ਮੁੱਖ ਅਧਿਆਪਕਾਂ, ਪ੍ਰਿੰਸੀਪਲਾਂ, ਬੀ.ਪੀ.ਈ.ਉ. ਅਤੇ ਕਲਰਕਾਂ ਨੂੰ ਦਫਤਰ ਵਿੱਚ ਆਉਣ ਮਜਬੂਰ ਕਰ ਰਹੇ ਹਨ। ਉਨਾਂ ਕਿਹਾ ਇਸ ਸਮੇਂ ਸਾਰੇ ਸਕੂਲ ਬੰਦ ਹਨ ਸਾਰੇ ਸਕੂਲ ਮੁੱਖੀਆਂ ਜਾਂ ਕਲਰਕਾਂ ਕੋਲ ਘਰ ਪਿ੍ਰੰਟਰ ਨਹੀਂ ਹੁੰਦਾ ਜਿਸ ਕਾਰਨ ਖਜਾਨਾ ਅਫਸਰ ਦੀ ਇਸ ਜਿੱਦ ਕਾਰਨ ਬਹੁਤੇ ਸਕੂਲਾਂ ਦੇ ਅਧਿਆਪਕ ਸਮੇਂ ਸਿਰ ਤਨਖਾਹ ਪ੍ਰਾਪਤ ਕਰਨ ਤੇ ਵਾਂਝੇ ਰਹਿ ਜਾਣਗੇ।
ਬਲਾਕ ਪ੍ਰਧਾਨ ਭੋਲਾ ਰਾਮ, ਭੁਪਿੰਦਰ ਸਿੰਘ ,ਰਤਨਜੋਤ ਸ਼ਾਰਮਾ,ਰਾਜਵਿੰਦਰ ਜਲਾਲ,ਕੁਲਵਿੰਦਰ ਸਿੰਘ ਅਤੇ ਅੰਗਰੇਜ ਸਿੰਘ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੀ ਖਜਾਨਾ ਅਫਸਰਾਂ ਬਠਿੰਡਾ ਨੂੰ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀ ਮਾਰਚ ਮਹੀਨੇ ਦੀ ਤਨਖਾਹ ਜਾਰੀ ਕਰਨ ਲਈ ਜਾਰੀ ਕੀਤੇ ਪੱਤਰ ਦੀ ਪਾਲਣਾ ਕਰਵਾਉਦਿਆਂ ਸਾਰੇ ਸਕੂਲਾਂ ਦੇ ਤਨਖਾਹ ਬਿੱਲ ਜੋ ਡੀ.ਡੀ.ਉ. ਤੋਂ ਪ੍ਰਾਪਤ ਹੁੰਦੇ ਹਨ ਨੂੰ ਪਾਸ ਕਰਕੇ ਤਨਖਾਹਾਂ ਦੀ ਅਦਾਇਗੀ ਕਰਕੇ ਮਾਰਚ ਮਹੀਨੇ ਦੇ ਬਿੱਲਾਂ ਦੀ ਹਾਰਡ ਕਾਪੀ ਲਾਕਡਾਉਨ ਖਤਮ ਹੋਣ ਤੇ ਲੈ ਲਈ ਜਾਵੇ।
ਜਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ,ਜਸਵਿੰਦਰ ਬੌਕਸਰ,ਬੱਗਾ ਸਿੰਘ ,ਮਨਜੀਤ ਸਿੰਘ ਬਾਜਕ,ਬਲਵਿੰਦਰ ਸ਼ਰਮਾ,ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਖੇਮੂਆਣਾ ਅਤੇ ਹਰਮੰਦਰ ਸਿੰਘ ਗਿੱਲ ਨੇ ਕਿਹਾ ਕਿ ਜਿਲੇ ਦੇ ਸਾਰੇ ਅਧਿਆਪਕਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਪ੍ਰਾਪਤ ਕਰਨ ਵਿੱਚ ਖਜਾਨਾ ਅਫਸਰ ਵੱਲੋਂ ਅੜਿੱਕੇ ਡਾਹੇ ਜਾ ਰਹੇ ਹਨ ਜਦੋਂਕਿ ਜਿਲ੍ਹਾ ਸਿੱਖਿਆ ਅਫਸਰ ਸਾਰੇ ਅਧਿਆਪਕਾਂ ਨੂੰ ਤਨਖਾਹਾ ਦੇਣ ਦੇ ਦਾਅਵੇ ਕਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕੀ ਜਿਲਾ ਸਿੱਖਿਆ ਅਫਸਰਾਂ ਬਠਿੰਡਾ ਨੂੰ ਖਜਾਨਾ ਅਫਸਰ ਨਾਲ ਗੱਲ ਕਰਕੇ ਤਨਖਾਹ ਦੇ ਮਸਲੇ ਨੂੰ ਹੱਲ ਕਰਵਾਉਣ।
ਓਧਰ ਖਜਾਨਾਂ ਅਫਸਰ ਦਲਜੀਤ ਸਿੰਘ ਨੇ ਅਧਿਆਪਕਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨਾਂ ਕਿਹਾ ਕਿ ਅਸਲ ’ਚ ਅਧਿਆਪਕਾਂ ਨੇ ਪੱਤਰ ਪੂਰੀ ਤਰਾਂ ਪੜਿਆ ਨਹੀਂ ਹੈ।