ਹੈਦਰਾਬਾਦ, 10 ਅਪ੍ਰੈਲ 2020 - ਮਾਂ ਆਪਣੇ ਬੱਚੇ ਲਈ ਕੁੱਝ ਵੀ ਕਰ ਸਕਦੀ ਹੈ ਇਸ ਦੀ ਤਾਜ਼ਾ ਮਿਸਾਲ ਤੇਲੰਗਾਨਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਲਾਕ ਡਾਊਨ ਕਾਰਨ ਫਸੇ ਪੁੱਤ ਨੂੰ ਸਕੂਟਰੀ 'ਤੇ ਤਿੰਨ ਦਿਨਾਂ 'ਚ 1400 ਕਿਲੋਮੀਟਰ ਦਾ ਸਫਰ ਕਰਕੇ ਘਰ ਵਾਪਿਸ ਲਿਆਈ। ਅਸਲ 'ਚ ਉਸ ਦਾ ਪੁੱਤ ਲਾਕ ਡਾਊਨ ਕਾਰਨ ਆਂਧਰਾ ਪ੍ਰਦੇਸ਼ ਦੇ ਨੇਲੌਰ' 'ਚ ਫਸ ਗਿਆ ਸੀ।
ਰਜ਼ੀਆ ਬੇਗਮ (48) ਸੋਮਵਾਰ ਸਵੇਰੇ ਸਥਾਨਕ ਪੁਲਿਸ ਦੀ ਇਜਾਜ਼ਤ ਨਾਲ ਲੈ ਕੇ ਇਕੱਲੀ ਹੀ ਸਕੂਟਰੀ 'ਤੇ ਸਵਾਰ ਹੋ ਕੇ ਨੈਲੌਰ ਗਈ ਅਤੇ ਆਪਣੇ ਛੋਟੇ ਬੇਟੇ ਨਾਲ ਬੁੱਧਵਾਰ ਸ਼ਾਮ ਨੂੰ ਵਾਪਸ ਘਰ ਆ ਗਈ। ਦੋ ਟਾਈਰਾਂ ਵਾਲੀ ਸਕੂਟਰੀ 'ਤੇ ਲਗਾਤਾਰ ਹੋਣ ਵਾਲੀ ਇਹ ਮੁਸ਼ਕਲ ਯਾਤਰਾ ਸੀ। ਪਰ ਮਾਂ ਵੱਲੋਂ ਆਪਣੇ ਪੁੱਤ ਨੂੰ ਵਾਪਸ ਲਿਆਉਣ ਦੇ ਦ੍ਰਿੜ ਇਰਾਦੇ ਨੇ ਇਸ ਨੂੰ ਪੂਰਾ ਕਰ ਦਿੱਤਾ। ਰਜ਼ੀਆ ਬੇਗਮ ਨੇ ਪੀਟੀਆਈ ਨੂੰ ਦੱਸਿਆ ਕਿ ਰਾਤ ਵੇਲੇ ਸੜਕਾਂ 'ਤੇ ਟਰੈਫਿਕ ਦੀ ਘਾਟ ਕਾਰਨ ਸੁੰਨਸਾਨ ਰਾਹਾਂ 'ਤੇ ਡਰ ਲੱਗ ਰਿਹਾ ਸੀ।
ਰਜ਼ੀਆ ਬੇਗਮ ਨਿਜ਼ਾਮਾਬਾਦ ਜ਼ਿਲ੍ਹੇ ਦੇ ਬੋਧਨ ਕਸਬੇ 'ਚ ਇਕ ਸਰਕਾਰੀ ਸਕੂਲ ਦੀ ਹੈੱਡਮਿਸਟ੍ਰੈਸ ਹੈ। ਰਜ਼ੀਆ ਦੇ ਘਰਵਾਲੇ ਦੀ 15 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਦੋ ਬੱਚਿਆਂ ਨਾਲ ਰਹਿ ਰਹੀ ਹੈ। ਉਸ ਦਾ ਇੱਕ ਲੜਕਾ ਇੰਜੀਨੀਅਰਿੰਗ ਗ੍ਰੈਜੂਏਟ ਹੈ ਅਤੇ ਦੂਸਰਾ 19 ਸਾਲਾ ਨਿਜ਼ਾਮੂਦੀਨ ਨਾਲ ਐਮਬੀਬੀਐਸ ਵਿੱਚ ਦਾਖਲ ਲੈਣ ਲਈ ਤਿਆਰੀ ਕਰ ਰਿਹਾ ਹੈ।
ਅਸਲ 'ਚ ਨਿਜ਼ਾਮੂਦੀਨ 12 ਮਾਰਚ ਨੂੰ ਆਪਣੇ ਦੋਸਤ ਨੂੰ ਛੱਡਣ ਲਈ ਨੈਲੌਰ ਜ਼ਿਲ੍ਹੇ ਦੇ ਰਹਿਮਤਬਾਦ ਗਿਆ ਸੀ ਅਤੇ ਉਥੇ ਹੀ ਰੁਕ ਗਿਆ ਸੀ। ਇਸ ਦੌਰਾਨ ਕੋਰੋਨਾ ਵਾਇਰਸ ਦੇ ਕਾਹਿਰ ਕਾਰਨ ਦੇਸ਼ 'ਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਉਹ ਵਾਪਸ ਨਹੀਂ ਆ ਸਕਿਆ ਸੀ।
ਜਿਸ ਤੋਂ ਬਾਅਦ ਉਹ ਘਰ ਆਉਣ ਲਈ ਕਾਫੀ ਉਤਸੁਕ ਸੀ ਪਰ ਲਾਕ ਡਾਊਨ ਕਾਰਨ ਉਹ ਘਰ ਵਾਪਿਸ ਨਹੀਂ ਆ ਸਕਦਾ ਸੀ ਜਿਸ ਕਾਰਨ ਉਸ ਦੀ ਮਾਂ ਨੇ ਉਸ ਵਾਪਿਸ ਘਰ ਲਿਆਉਣ ਲਈ ਪੁਲਿਸ ਤੋਂ ਆਗਿਆ ਲਈ ਅਤੇ ਤਿੰਨ ਦਿਨਾਂ 'ਚ ਉਸ ਨੂੰ ਘਰ ਵਾਪਿਸ ਲੈ ਆਈ। ਉਸ ਨੇ ਆਪਣੇ ਵੱਦੇ ਪੁੱਤ ਨੂੰ ਇਸ ਲਈ ਨਹੀਂ ਭੇਜਿਆ ਕਿ ਲਾਕ ਡਾਊਨ ਕਾਰਨ ਪੁਲਿਸ ਉਸ ਨੂੰ ਹਿਰਾਸਤ 'ਚ ਲੈ ਸਕਦੀ ਹੈ।