ਸੰਜੀਵ ਸੂਦ
- ਆਨਲਾਈਨ ਹੀ ਸਵਾਲ ਅਤੇ ਮਿਲਦੇ ਨੇ ਜਵਾਬ ਟੈਸਟ ਵੀ ਆਨਲਾਈਨ..
ਲੁਧਿਆਣਾ, 10 ਅਪ੍ਰੈਲ 2020 - ਦੇਸ਼ ਭਰ ਦੇ ਵਿੱਚ ਕਰਨਾ ਵਾਇਰਸ ਕਰਕੇ ਜਿੱਥੇ ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਬੰਦ ਨੇ ਉੱਥੇ ਹੀ ਲਾਕ ਡਾਊਨ ਕਰਕੇ ਹੁਣ ਬੱਚੇ ਵੀ ਘਰਾਂ 'ਚ ਰਹਿਣ ਲਈ ਮਜਬੂਰ ਹੋ ਰਹੇ ਨੇ। ਜਿਸ ਕਰਕੇ ਉਨ੍ਹਾਂ ਦੀ ਸਿੱਖਿਆ ਵੀ ਖਰਾਬ ਹੋ ਰਹੀ ਹੈ। ਜਿਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਹੋਰਨਾਂ ਸਿੱਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਨੇ। ਇਥੋਂ ਤੱਕ ਕਿ ਐਡਮਿਸ਼ਨਾਂ ਵੀ ਆਨਲਾਈਨ ਹੋ ਰਹੀਆਂ ਨੇ ਅਤੇ ਵਿਦਿਆਰਥੀਆਂ ਨੂੰ ਘਰੇ ਬੈਠੇ ਹੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣਾ ਸਿਲੇਬਸ ਪੂਰਾ ਕਰ ਸਕਣ। ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਲੈਣ ਦੀ ਸਮਾਂ ਸੀਮਾ ਵੀ ਤੈਅ ਕੀਤੀ ਗਈ ਹੈ। ਸਕੂਲਾਂ ਦੀ ਘੰਟੀ ਤਾਂ ਹੁਣ ਨਹੀਂ ਵੱਜਦੀ ਪਰ ਆਨਲਾਈਨ ਮੋਬਾਈਲ 'ਤੇ ਕਲਾਸਾ ਜ਼ਰੂਰ ਸ਼ੁਰੂ ਹੋ ਜਾਂਦੀਆਂ ਨੇ ਜੋ ਵਿਦਿਆਰਥੀਆਂ ਦੀ ਜਮਾਤ ਮੁਤਾਬਕ ਚੱਲਦੀਆਂ ਨੇ। ਇੱਥੋਂ ਤੱਕ ਕਿ ਵਿਦਿਆਰਥੀ ਆਨਲਾਈਨ ਹੀ ਆਪਣੇ ਅਧਿਆਪਕਾਂ ਤੋਂ ਸਵਾਲ ਪੁੱਛ ਸਕਦੇ ਨੇ ਟੈਸਟ ਵੀ ਆਨਲਾਈਨ ਕਰਵਾਏ ਜਾ ਰਹੇ ਹਨ।
ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਲਾਕ ਡਾਊਨ ਹੈ ਅਤੇ ਇਸ ਕਰਕੇ ਹੁਣ ਸਰਕਾਰੀ ਅਤੇ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਹੀ ਪੜ੍ਹਾਇਆ ਜਾ ਰਿਹਾ ਹੈ ਜਿਸ ਸਬੰਧੀ ਵਿਦਿਆਰਥੀਆਂ ਨੇ ਕਿਹਾ ਹੈ ਕਿ ਆਨਲਾਈਨ ਸਿੱਖਿਆ ਹਾਸਲ ਕਰਕੇ ਉਹ ਘਰਾਂ ਵਿੱਚ ਬੈਠੇ ਹੀ ਆਪਣਾ ਸਿਲੇਬਸ ਕਵਰ ਕਰ ਰਹੇ ਨੇ ਅਤੇ ਨਾਲ ਹੀ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਦਾ ਵੀ ਤਜਰਬਾ ਹੋ ਰਿਹਾ ਹੈ। ਵੱਖ ਵੱਖ ਜਮਾਤਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਵੱਖ-ਵੱਖ ਵਿਸ਼ੇ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਵਟਸਐਪ ਗਰੁੱਪ ਬਣਾਏ ਗਏ ਨੇ ਅਤੇ ਇਨ੍ਹਾਂ ਗਰੁੱਪਾਂ ਦੇ ਵਿੱਚ ਫਿਰ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਇੱਥੋਂ ਤੱਕ ਕਿ ਤੁਸੀਂ ਸਵਾਲ ਵੀ ਅਧਿਆਪਕ ਨੂੰ ਆਨਲਾਈਨ ਪੁੱਛ ਸਕਦੇ ਹੋ ਜਿਸਦਾ ਜਵਾਬ ਹੋ ਦਿੰਦੇ ਨੇ ਅਤੇ ਇਸ ਲਈ ਉਨ੍ਹਾਂ ਵੱਲੋਂ ਇੱਕ ਸਮਾਂ ਸੀਮਾ ਵੀ ਬਣਾਈ ਗਈ ਹੈ। ਹਾਲਾਂਕਿ ਵਿਦਿਆਰਥੀਆਂ ਨੇ ਵੀ ਕਿਹਾ ਕਿ ਸਕੂਲ ਜਾ ਕੇ ਪੜ੍ਹਨ ਵਿੱਚ ਅਤੇ ਘਰ ਬਹਿ ਕੇ ਪੜ੍ਹਨ ਵਿੱਚ ਕਾਫ਼ੀ ਫਰਕ ਹੈ ਪਰ ਅਜਿਹੇ ਹਾਲਾਤਾਂ ਵਿੱਚ ਉਹ ਸਕੂਲ ਤਾਂ ਨਹੀਂ ਜਾ ਸਕਦੇ ਪਰ ਘਰ ਬੈਠੇ ਆਪਣਾ ਸਲੇਬਸ ਜ਼ਰੂਰ ਪੂਰਾ ਕਰ ਸਕਦੇ ਹਨ।
ਉੱਧਰ ਅਧਿਆਪਕਾਂ ਨੇ ਵੀ ਕਿਹਾ ਹੈ ਕਿ ਜਿੱਥੇ ਅਸੀਂ ਕੋਰੋਨਾ ਨਾਲ ਲੜਨਾ ਹੈ ਉੱਥੇ ਹੀ ਆਪਣੀ ਸਿੱਖਿਆ ਵੀ ਪੂਰੀ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਦੇ ਅਧਿਆਪਕਾਂ ਵੱਲੋਂ ਜੋ ਵੀ ਤਕਨੀਕ ਹੈ ਉਸ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।
ਸੋ ਇਕ ਪਾਸੇ ਜਿੱਥੇ ਦੇਸ਼ ਨੂੰ ਬਚਾਉਣ ਲਈ ਲਗਾਤਾਰ ਵੱਖ ਵੱਖ ਮਹਿਕਮਿਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਅਜਿਹੇ ਹਾਲਾਤਾਂ ਚ ਸਿੱਖਿਆ ਵਿਭਾਗ ਵੱਲੋਂ ਵੀ ਆਪਣੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਨਾ ਰੱਖਿਆ ਜਾ ਸਕੇ।