ਹਰਿੰਦਰ ਨਿੱਕਾ
- ਗਾਹਕਾਂ ਦੀ ਲੁੱਟ ਅਤੇ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ:ਕਰਾਂਗੇ ਡਿਪਟੀ ਕਮਿਸ਼ਨਰ
ਬਰਨਾਲਾ, 10 ਅਪਰੈਲ 2020 - ਕੋਰੋਨਾ ਵਾਇਰਸ ਦੇ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਅਤੇ ਗਾਹਕਾਂ ਦੀ ਲੁੱਟ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਸਖ਼ਤ ਕਦਮ ਚੁੱਕ ਰਿਹਾ ਹੈ। ਜ਼ਿਲ੍ਹਾ ਮੈਜਿਸਟ੍ਰ੍ਰੇਟ ਕਮ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਸ਼ਹਿਰ ਵਿਚ ਕਿਸੇ ਦੁਕਾਨਦਾਰ ਵੱਲੋਂ ਮਹਿੰਗੇ ਭਾਅ ’ਤੇ ਸੈਨੇਟਾਈਜ਼ਰ ਵੇਚਣ ਦੀ ਸ਼ਿਕਾਇਤ ਮਿਲਣ ’ਤੇ ਫੌਰੀ ਟੀਮ ਭੇਜ ਕੇ ਚੈਕਿੰਗ ਕਰਵਾਈ ਗਈ, ਜਿਸ ਮਗਰੋਂ ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਉਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਹਿਰ ਵਿਚ ਇਕ ਦੁਕਾਨਦਾਰ ਵੱਲੋਂ ਮਹਿੰਗੇ ਭਾਅ ’ਤੇ ਸੈਨੇਟਾਈਜ਼ਰ ਵੇਚਿਆ ਜਾ ਰਿਹਾ ਹੈ। ਇਸ ਮਗਰੋਂ ਉਨਾਂ ਤੁਰੰਤ ਇਕ ਟੀਮ ਭੇਜੀ, ਜਿਸ ਵਿਚ ਤਹਿਸੀਲਦਾਰ ਬਰਨਾਲਾ ਗੁਰਮੁਖ ਸਿੰਘ, ਸਹਾਇਕ ਫੂਡ ਸਪਲਾਈ ਅਫਸਰ ਪ੍ਰਦੀਪ ਕੁਮਾਰ, ਫੂਡ ਸਪਲਾਈ ਇੰਸਪੈਕਟਰ ਪ੍ਰੀਤ ਮਹਿੰਦਰ ਸਿੰਘ, ਲੀਗਲ ਮੈਟਰਾਲੋਜੀ ਇੰਸਪੈਕਟਰ ਬਲਕਾਰ ਸਿੰਘ ਸ਼ਾਮਲ ਸਨ।
ਤਹਿਸੀਲਦਾਰ ਗੁਰਮੁਖ ਸਿੰਘ ਨੇ ਸਬੰਧਤ ਦੁਕਾਨ (ਸੀਐਮ ਪਿਆਰੇ ਲਾਲ) ਦੇ ਦੁਕਾਨਦਾਰ ਤੋਂ ਸੈਨੇਟਾਈਜ਼ਰ ਮੰਗਿਆ, ਜਿਸ ਦਾ ਰੇਟ ਉਸ ਨੇ ਕੇਂਦਰ ਸਰਕਾਰ ਦੇ ਗਜ਼ਟਿਡ ਨੋਟੀਫਿਕੇਸ਼ਨ ਵਿੱਚ ਮਿੱੱਥੇ ਭਾਅ ਤੋਂ ਵੱਧ ਲਾਇਆ। ਇਸ ਮਗਰੋਂ ਲੀਗਲ ਮੈਟਰਾਲੋਜੀ ਐਕਟ 2009 ਤਹਿਤ ਕਾਰਵਾਈ ਕਰਦਿਆਂ ਸਬੰਧਤ ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਗਿਆ। ਟੀਮ ਵੱਲੋਂ ਇਸ ਦੁਕਾਨ ਦੇ ਸੇਖਾ ਫਾਟਕ ਸਥਿਤ ਗੁਦਾਮ ਦੀ ਵੀ ਚੈਕਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਆਖਿਆ ਕਿ ਗਾਹਕਾਂ ਦੀ ਲੁੱਟ ਅਤੇ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਆਖਿਆ ਕਿ ਸਰਕਾਰ ਦੇ ਗਜ਼ਟਿਡ ਨੋਟੀਫਿਕੇੇਸ਼ਨ ਅਨੁਸਾਰ 200 ਮਿਲੀਲੀਟਰ ਸੈਨੇਟਾਈਜ਼ਰ 100 ਰੁਪਏ ਤੋਂ ਵੱਧ ਤੋਂ ਨਹੀਂ ਵੇਚਿਆ ਜਾ ਸਕਦਾ। ਜੇਕਰ ਕੋਈ ਦੁਕਾਨਦਾਰ ਅਜਿਹਾ ਕਰਦਾ ਹੈ ਤਾਂ ਫੌਰੀ ਕਾਰਵਾਈ ਕੀਤੀ ਜਾਵੇਗੀ।