ਜਵਾਹਰਪੁਰ ਤੋਂ 2 ਹੋਰ ਪਾਜੇਟਿਵ ਮਾਮਲੇ ਆਏ ਸਾਹਮਣੇ, ਪਹਿਲਾਂ ਪਾਜੀਟਿਵ ਪਾਏ ਗਏ ਵਿਅਕਤੀਆਂ ਦੇ ਗੁਆਂਢੀ ਸਨ
ਐਸ ਏ ਐਸ ਨਗਰ, 11 ਅਪ੍ਰੈਲ 2020: "ਜ਼ਿਲ੍ਹਾ ਪ੍ਰਸ਼ਾਸਨ ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨੇ ਲੈ ਰਿਹਾ ਹੈ ਜੋ ਕਿ ਹੋਰ ਮਾਮਲਿਆਂ ਦੀ ਪਛਾਣ ਕਰਨ ਵਿਚ ਸਹਾਈ ਹੋ ਰਿਹਾ ਹੈ। ਇਸ ਨਾਲ ਸਮੇਂ ਸਿਰ ਲੱਛਣਾਂ ਵਾਲੇ ਮਰੀਜਾਂ ਨੂੰ ਕੁਆਰੰਟੀਨ ਕੀਤਾ ਜਾਏਗਾ ਅਤੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਮਿਲੇਗੀ।"
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਪਿੰਡ ਜਵਾਹਰਪੁਰ ਤੋਂ ਕੋਰੋਨਾ ਵਾਇਰਸ ਦੇ ਦੋ ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਪਾਜੇਟਿਵ ਪਾਏ ਗਏ ਵਿਅਕਤੀਆਂ ਵਿੱਚ 2 ਪੁਰਸ਼ ਹਨ, ਜੋ ਕਿ ਪਹਿਲਾਂ ਪਾਜੀਟਿਵ ਪਾਏ ਗਏ ਵਿਅਕਤੀਆਂ ਦੇ ਗੁਆਂਢੀ ਸਨ, ਅਤੇ ਉਹਨਾਂ ਦੀ ਉਮਰ ਕ੍ਰਮਵਾਰ 38 ਅਤੇ 58 ਸਾਲ ਹੈ।
ਇਨ੍ਹਾਂ ਦੋਵਾਂ ਮਾਮਲਿਆਂ ਨਾਲ ਜ਼ਿਲ੍ਹੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 34 ਕੇਸ ਪਿੰਡ ਜਵਾਹਰਪੁਰ ਦੇ ਹਨ। ਇਸ ਤੋਂ ਇਲਾਵਾ 2 ਦੀ ਮੌਤ ਹੋ ਗਈ ਹੈ ਜਦਕਿ 5 ਵਿਅਕਤੀ ਠੀਕ ਹੋ ਗਏ ਹਨ ਅਤੇ ਘਰ ਚਲੇ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਹੁਣ ਤੱਕ 43 ਹੈ।
ਪਿੰਡ ਜਵਾਹਰਪੁਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਕੰਟੇਨਮੈਂਟ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਸੈਨੀਟਾਈਜੇਸ਼ਨ ਵੀ ਨਿਯਮਤ ਅੰਤਰਾਲਾਂ ‘ਤੇ ਕੀਤੀ ਜਾ ਰਹੀ ਹੈ।