ਅਸ਼ੋਕ ਵਰਮਾ
ਬਠਿੰਡਾ, 11 ਅਪ੍ਰੈਲ 2020 - ਪੰਜਾਬ ਰਾਜ ਬਿਜਲੀ ਨਿਗਮ ਨੇ ਕਿਸਾਨਾਂ ਲਈ ਵਟਸਐਪ ਨੰਬਰ ਜਾਰੀ ਕੀਤਾ ਹੈ ਤਾਂ ਜੋ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ, ਜੀਓ ਸਵਿੱਚ ਸਪਾਰਕਿੰਗ ਆਦਿ ਦੀ ਸੂਚਨਾ ਕਿਸਾਨ ਇਸ ਨੰਬਰ ਤੇ ਦੇ ਸਕਨ। ਨਿਗਮ ਦੇ ਬੁਲਾਰੇ ਨੇ ਇਸ ਸਬੰਧੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਂਵਾਂ ਤੋਂ ਬਚਾਉਣ ਲਈ ਆਪਣੇ ਖੇਤ ਵਿਚ ਜੇਕਰ ਕੋਈ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ/ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਹੋਵੇ ਤਾਂ ਇਸਦੀ ਸੂਚਨਾ ਸਮੇਤ ਫੋਟੋ ਅਤੇ ਪਤਾ/ ਸਥਾਨ ਦਾ ਵੇਰਵਾ ਤੁਰੰਤ ਕੰਟਰੋਲ ਰੂਮ ਨੰਬਰਾਂ 9646106835/ 9646106836 ਤੇ ਵਟਸਐਪ ਰਾਹੀਂ ਦਿੱਤੀ ਜਾਵੇ ਜੀ। ਓਹਨਾ ਥਾਵਾਂ ਦੀ “ਜੀ.ਪੀ.ਐੱਸ ਲੋਕੇਸ਼ਨ“ ਵੀ ਵਟਸਐਪ ਰਾਹੀਂ ਸਾਂਝੀ ਕੀਤੀ ਜਾਵੇ।
ਇਸ ਤੋਂ ਬਿਨਾਂ ਬੁਲਾਰੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਚੰਗਾ ਹੋਵੇ ਜੇਕਰ ਟਰਾਂਸਫਾਰਮਰ ਨੇੜਿਓ ਇਕ ਮਰਲਾ ਕਣਕ ਨੂੰ ਕੱਟ ਕੇ ਉਥੇ ਥਾਂ ਸਾਫ ਕਰ ਲਿਆ ਜਾਵੇ ਅਤੇ ਟਰਾਂਸਫਾਰਮਰ ਦੇ ਦੁਆਲੇ 10 ਮੀਟਰ ਦੇ ਘੇਰੇ ਨੂੰ ਪਾਣੀ ਛਿੜਕ ਕੇ ਗਿੱਲਾ ਵੀ ਰੱਖਿਆ ਜਾਵੇ ਤਾਂ ਜੋ ਸਪਾਰਕਿੰਗ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।