ਹਰੀਸ਼ ਕਾਲੜਾ
ਰੂਪਨਗਰ, 11 ਅਪ੍ਰੈਲ 2020 : ਕੋਵਿਡ -19 ਦੇ ਤਹਿਤ ਬਿਮਾਰੀ ਫੈਲਣ ਤੋਂ ਰੋਕਣ ਲਈ ਦੂਜੇ ਸੂਬਿਆਂ ਤੋਂ ਕਟਾਈ ਦਾ ਕੰਮ ਮੁਕਾ ਕੇ ਜਿਲ੍ਹੇ ਵਿੱਚ ਆਉਣ ਵਾਲੀਆਂ ਕੰਬਾਇਨਾਂ ਨੂੰ ਸੈਨੀਟਾਈਜ਼ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ।ਇਹ ਪ੍ਰਗਟਾਵਾ ਕਰਦਿਆਂ ਸ਼੍ਰੀਮਤੀ ਸੋਨਾਲੀ ਗਿਰਿ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੋ ਕੰਬਾਇਨਾਂ ਬਾਹਰਲੇ ਸੂਬਿਆਂ ਤੋਂ ਜ਼ਿਲ੍ਹੇ ਵਿੱਚ ਆਉਣਗੀਆਂ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਦਾਖਲ ਹੁੰਦੇ ਸਾਰ ਹੀ ਸੋਡੀਅਮ ਹਾਈਪੋਕਲੋਰਾਈਜ਼ ਜਾਂ ਸੈਨੀਟਾਈਜ਼ਰ ਦੀ ਸਪਰੇਅ ਕਰਕੇ ਸੈਨੀਟਾਈਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੰਬਾਇਨ ਦੇ ਜਿਨ੍ਹਾਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦਾ ਹੱਥ ਜਾਂ ਸਰੀਰ ਲੱਗਦਾ ਉਨ੍ਹਾਂ ਜਗ੍ਹਾਵਾਂ ਨੂੰ ਚੰਗੀ ਤਰ੍ਹਾਂ ਨਾਲ ਸੈਨੀਟਾਈਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਉਨਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੰਬਾਇਨਾਂ ਦੇ ਕਾਮਿਆਂ ਦੀ ਸਿਹਤ ਦਾ ਚੈੱਕਅੱਪ ਕੀਤਾ ਜਾਵੇ ਅਤੇ ਜੇਕਰ ਕੋਈ ਕਾਮਾ ਸਰੀਰਕ ਪੱਖੋਂ ਬਿਮਾਰ , ਬੁਖਾਰ , ਖੰਘ , ਜੁਕਾਮ ਜਾ ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਹੈ ਤਾਂ ਉਸ ਸਬੰਧੀ ਸਿਹਤ ਵਿਭਾਗ ਦੀ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਕੰਬਾਇਨਾਂ ਦੇ ਕਾਮਿਆਂ ਨੂੰ ਨਿੱਜੀ ਸਫਾਈ ਦਾ ਖਾਸ ਖਿਆਲ ਰੱਖਣ ਲਈ ਕਿਹਾ। ਕੰਬਾਇਨਾਂ ਨਾਲ ਉਪਯੁਕਤ ਮਾਤਰਾਂ ਵਿੱਚ ਸੈਨੀਟਾਇਜ਼ਰ ਰੱਖਿਆ ਜਾਵੇ ਤਾਂ ਜ਼ੋ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਰੋਜ਼ ਰਾਤ ਨੂੰ ਕੰਬਾਇਨ ਬੰਦ ਕਰਨ ਸਮੇਂ ਕੰਬਾਇਨ ਦੇ ਘੱਟੋਂ ਘੱਟ ਉਨ੍ਹਾਂ ਸਾਰਿਆਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦੇ ਹੱਥ ਪੈਰ ਵਗੈਰਾ ਲਗਦੇ ਹਨ ਨੂੰ ਸੈਨੀਟਾਇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਮਿਆਂ ਵੱਲੋਂ ਆਪਣੇ ਹੱਥਾਂ ਨੂੰ ਦਿਨ ਸਮੇਂ ਕਈ ਬਾਰ ਸੈਨੀਟਾਈਜ਼ਰ ਨਾਲ ਸਾਫ ਕੀਤਾ ਜਾਵੇ ਅਤੇ ਜੇਕਰ ਕੋਈ ਕਾਮਾ ਖੰਘ , ਜੁਕਾਮ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਤੋਪੀੜਤ ਹੈ ਜਾਂ ਢਿੱਲਾ ਮੱਠਾ ਹੈ ਤਾਂ ਉਸਦਾ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕਰਵਾਇਆ ਜਾਵੇ, ਇਸ ਸਬੰਧੀ ਹੈਲਪਲਾਇਨ ਨੰਬਰ 104 ਤੇ ਵੀ ਸੰਪਰਕ ਕੀਤਾ ਜਾਵੇ ਅਤੇ ਅਜਿਹੇ ਕਾਮੇ ਨੂੰ ਕੰਬਾਇਨ ਤੇ ਕੰਮ ਕਰਨ ਤੋਂ ਰੋਕ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਕਾਮਿਆਂ ਵੱਲੋਂ ਆਪਸ ਵਿੱਚ ਕਿਸਾਨਾਂ ਅਤੇ ਕਿਸਾਨ ਕਾਮਿਆਂ ਨਾਲ ਘੱਟੋਂ ਘੱਟ 01 ਮੀਟਰ ਦਾ ਫਾਸਲਾ ਰੱਖਿਆ ਜਾਵੇ ਅਤੇ ਕਿਸੇ ਵੱਲੋਂ ਵੀ ਇੱਕ ਦੂਜੇ ਨਾਲ ਹੱਥ ਨਾ ਮਿਲਾਇਆ ਜਾਵੇ। ਕੰਬਾਇਨਾਂ ਦੇ ਕਾਮਿਆਂ ਦੁਆਰਾ ਮਾਸਕ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਜਾਵੇ। ਉਨ੍ਹਾਂ ਉਕਤ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀ ਡਿਊਟੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।