ਹਰੀਸ਼ ਕਾਲੜਾ
ਰੂਪਨਗਰ, 11 ਅਪ੍ਰੈਲ 2020 : ਕੋਵਿਡ-19 ਦੀ ਰੋਕਥਾਮ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਅਤੇ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਦੀ ਹੱਦ ਵਿਚ ਹਰ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰਿ ਨੇ ਹੁਕਮਾਂ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣੇ ਘਰ ਰਹੇ ਅਤੇ ਜੋ ਵਿਅਕਤੀ ਆਪਣੇ ਘਰ ਤੋਂ ਕਿਸੇ ਐਮਰਜੈਂਸੀ ਕਾਰਨ ਬਾਹਰ ਜਾਂਦਾ ਹੈ ਤਾਂ ਉਸ ਦਾ ਮਾਸਕ ਪਾਉਣਾ ਲਾਜ਼ਮੀ ਹੈ।
ਸ਼੍ਰੀਮਤੀ ਗਿਰਿ ਨੇ ਕਿਹਾ ਕਿ ਹਰ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕਿਟ, ਕਾਰਖਾਨੇ ਆਦਿ ਵਿਚ ਜਾਣ ਸਮੇਂ ਟ੍ਰਿਪਲ ਲੇਅਰ ਮਾਸਕ ਜਾਂ ਸੂਤੀ ਕੱਪੜੇ ਦਾ ਮਾਸਕ ਪਹਿਨਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਵਾਹਨ ਵਿਚ ਸਫ਼ਰ ਕਰਨ ਸਮੇਂ ਵੀ ਇਹ ਮਾਸਕ ਪਾਉਣਾ ਲਾਜ਼ਮੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦਸਿਆ ਕਿ ਘਰ ਵਿਚ ਸੂਤੀ ਕੱਪੜੇ ਤੋਂ ਤਿਆਰ ਕੀਤਾ ਮਾਸਕ ਵੀ ਵਰਤਿਆ ਜਾ ਸਕਦਾ ਹੈ ਤੇ ਇਸ ਨੂੰ ਰੋਜ਼ਾਨਾ ਸਾਬਣ ਜਾਂ ਡਿਟਰਜੈਂਟ ਨਾਲ ਧੋ ਕੇ ਦੁਬਾਰਾ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਮਾਸਕ ਨਹੀਂ ਹੈ ਤਾਂ ਤੁਸੀਂ ਦੂਹਰੀ ਕੀਤੀ ਰੁਮਾਲ, ਪਰਨਾ ਅਤੇ ਔਰਤਾਂ ਵਲੋਂ ਆਪਣੀ ਚੁੰਨੀ ਜਾਂ ਦੁਪੱਟਾ ਜੋ ਘੱਟੋ ਘੱਟ ਦੂਹਰੀ ਪਰਤ ਦਾ ਹੋਵੇ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਸ੍ਰੀਮਤੀ ਗਿਰਿ ਨੇ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਤੇ ਸਮਾਜ ਦੇ ਹਿੱਤਾਂ ਦੀ ਸੁਰੱਖਿਆ ਲਈ ਕਿਸੇ ਐਮਰਜੈਂਸੀ ਤੋਂ ਇਲਾਵਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜੇ ਬਾਹਰ ਜਾਣ ਦੀ ਲੋੜ ਪੈਂਦੀ ਹੈ ਤਾਂ ਮਾਸਕ ਜ਼ਰੂਰ ਪਹਿਨਣ।