ਅਸ਼ੋਕ ਵਰਮਾ
ਬਠਿੰਡਾ, 11 ਅਪਰੈਲ 2020 - ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਜਲਿਆਂਵਾਲਾ -ਬਾਗ਼ ਕਾਂਡ ਦੇ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ 13 ਅਪਰੈਲ ਨੂੰ ਘਰਾਂ ‘ਤੇ ਝੰਡੇ ਲਹਿਰਾਉਣ ਅਤੇ ਸ਼ਹੀਦਾਂ ਦੇ ਸੁਪਨਿਆਂ ‘ਤੇ ਆਧਾਰਿਤ ਨਾਅਰੇ ਬੁਲੰਦ ਕਰਨ ਦਾ ਐਲਾਨ ਕੀਤਾ ਹੈ। ਅੰਗਰੇਜੀ ਸਾਮਰਾਜਵਾਦ ਦਾ ਵਿਰੋਧ ਕਰਦੇ ਹੋਏ 13 ਅਪ੍ਰੈਲ, 1919 ਨੂੰ ਗੋਲੀਆਂ ਨਾਲ ਸ਼ਹੀਦ ਹੋਏ ਹਜ਼ਾਰਾਂ ਦੇਸ਼-ਭਗਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਸੱਦਾ ਦਿੰਦੇ ਹੋਏ ਜੱਥੇਬੰੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕਿਸਾਨ ਆਪਣੇ ਘਰਾਂ ‘ਤੇ ਝੰਡੇ ਲਹਿਰਾ ਕੇ 13 ਅਪਰੈਲ ਨੂੰ ਦੋ ਮਿੰਟ ਮੋਨ ਧਾਰਨ ਤੋਂ ਬਾਅਦ ‘ਇਨਕਲਾਬ ਜਿੰਦਾਬਾਦ‘ , ‘ਸਾਮਰਾਜਵਾਦ ਮੁਰਦਾਬਾਦ‘ ਦੇ ਨਾਅਰੇ ਲਾਉਣਗੇ।
ਆਗੂਆਂ ਨੇ ਕਿਹਾ ਕਿ ਸਰਕਾਰ ਹਾੜੀ ਦੀਆਂ ਫਸਲਾਂ ਖਰੀਦਣ ਲਈ ਕਿਸਾਨਾਂ ਨੂੰ ਭੰਬਲਭੂਸੇ ਵਿਚ ਪਾਈ ਫਿਰਦੀ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਕਣਕ ਅਤੇ ਹੋਰ ਫਸਲਾਂ ਖਰੀਦਣ ਦੇ ਪੁਖਤਾ ਪ੍ਰਬੰਧ ਕਰਨ ਦੇ ਐਲਾਨ ਕਰੇ। ਉਨਾਂ ਜਮਹੂਰੀ ਹੱਕਾਂ ਦੀ ਰਾਖੀ ਲਈ ਲੜ ਰਹੇ ਜਮਹੂਰੀ ਪਸੰਦ ਬੁੱਧੀਜੀਵੀਆਂ ਗੌਤਮ ਨੌਲੱਖੇ ਅਤੇ ਤੇਲਤੁੰਬੜੇ ਦੀ ਰਿਹਾਈ ਦੀ ਮੰਗ ਕਰਦਿਆਂ ਉਨਾਂ ਖਿਲਾਫ ਬਣਾਏ ਝੂਠੇ ਕੇਸ ਵਾਪਿਸ ਵੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਫੌਰੀ ਲੋਕਡਾਊਨ ਕਰਨ ਦੇ ਢੰਗ ਦੀ ਨਿੰਦਿਆ ਕਰਦਿਆਂ ਕਿਹਾ ਕਿ ਮੋਦੀ ਦੇ ਇਸ ਆਪਾਸ਼ਾਹ ਢੰਗ ਨਾਲ ਭਾਰਤ ਦੇ ਲੱਖਾਂ ਪਰਵਾਸੀ ਅਤੇ ਹੋਰ ਯਾਤਰੀਆਂ ਨੂੰ ਆਫਤਾਂ ਵਿਚ ਧੱਕ ਦਿੱਤਾ ਹੈ ਅਤੇ ਕਈ ਤਾਂ ਭੁੱਖੇ ਪਿਆਸੇ ਅਲੱਗ ਅਲੱਗ ਥਾਵਾਂ ‘ਤੇ ਫਸ ਗਏ ਹਨ।
ਉਨਾਂ ਕਿਹਾ ਕਿ ਮੈਡੀਕਲ ਸਟਾਫ ਲਈ ਨਾ ਨਿੱਜੀ ਸੁਰੱਖਿਆ ਉਪਕਰਨ ਹਨ ਅਤੇ ਨਾ ਹੀ ਉਨਾਂ ਦੇ ਰਹਿਣ ਦਾ ਕੋਈ ਟਿਕਾਣਾ ਹੈ। ਉਨਾਂ ਨੂੰ ਬਿਨਾਂ ਕਿਸੇ ਤਿਆਰੀ ਦੇ ਜਾਨ ਜੋਖਮ ਵਿਚ ਪਾ ਕੇ ਫਰੰਟਲਾਈਨ ‘ਤੇ ਭੇਜ ਦਿੱਤਾ ਗਿਆ ਹੈ ਜਿਸ ਕਰਕੇ ਉਹ ਇਸ ਨਾਮੁਰਾਦ ਬਿਮਾਰੀ ਨਾਲ ਪੀੜਤ ਹੋ ਰਹੇ ਹਨ। ਉਨਾਂ ਦੇ ਹਸਪਤਾਲ ਤੋਂ ਬਾਹਰ ਰਹਿਣ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ , ਸਮਾਜ ਵਿਚ ਵੀ ਉਨਾਂ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਇਨਾਂ ਆਗੂਆਂ ਨੇ ਤਬਲੀਗੀ ਮੁਸਲਮਾਨਾਂ ਦੀ ਛੋਟੀ ਜਿਹੀ ਕੁਤਾਹੀ ਦਾ ਬਤੰਗੜ ਬਣਾ ਇਸ ਨੂੰ ਫਿਰਕੂ ਰੰਗਤ ਦੇਣ ਦਾ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ ਹੈ।