ਅਸ਼ੋਕ ਵਰਮਾ
- ਸੋਸ਼ਲ ਮੀਡੀਆ 'ਤੇ ਪਾਈ ਹੈ ਪੋਸਟ
ਬਠਿੰਡਾ, 11 ਅਪਰੈਲ 2020 - ਬਠਿੰਡਾ ਦੇ ਥਾਣਾ ਸਿਵਲ ਲਾਈਨ ਪੁਲਿਸ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਗੁੰਮਸ਼ੁਦਾ ਦੀ ਤਲਾਸ਼ ਪੋਸਟ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਸਬ ਇੰਸਪੈਕਟਰ ਦਲਜੀਤ ਸਿੰਘ ਤਰਫੋਂ ਮੁਖਬਰੀ ਦੇ ਅਧਾਰ ਤੇ ਗੁੰਮਸ਼ੁਦਾ ਦੀ ਤਲਾਸ਼ ਦੀ ਪੋਸਟ ਪਾਉਣ ਵਾਲੇ ਨੌਜਵਾਨ ਗੁਰਜਿੰਦਰ ਬਰਾੜ, ਅੰਮਿ੍ਰਤਪਾਲ ਸਿੰਘ ਗਿੱਲ ਅਤਤੇ ਅਕਾਲੀ ਯੋਧਾ ਗਰੁੱਪ ਦੇ ਐਡਮਿਨ ਨੂੰ ਧਾਰਾ 188, 269, 270, 500 , 501 ਅਤੇ ਸੈਕਸ਼ਨ 52 ਡਿਜਾਸਟਰ ਮੈਨੇਜਮੈਂਟ ਐਕਟ -05 ਤਹਿਤ ਨਾਮਜਦ ਕੀਤਾ ਹੈ।
ਇਹ ਨੌਜਵਾਨ ਯੂਥ ਅਕਾਲੀ ਦਲ ਦੇ ਵਰਕਰ ਦੱਸੇ ਜਾਂਦੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਸਵੀਰ ਦੇ ਨਾਲ ਕੀਤੀ ਗਈ ਪੋਸਟ ਵਿਚ ਲਿਖਿਆ ਗਿਆ ਹੈ। ਪੁਲਿਸ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨੁਸਾਰ ਲਿਖਿਆ ਹੈ, ਗੁੰਮਸ਼ੁਦਾ ਦੀ ਤਲਾਸ਼,ਮਨਪ੍ਰੀਤ ਬਾਦਲ ਹੋਇਆ ਗੁੰਮਸ਼ੁਦਾ, ਲੱਭਦਾ ਫਿਰੇ ਪੰਜਾਬ। ਗੁੰੰਮਸ਼ੁਦਾ ਦੀ ਕਰੋ ਤਲਾਸ਼ ਜਿਹੜਾ ਦਿਸਦਾ ਨੀਂ ਪਿਆ, ਪੰਜਾਬ ਵਿੱਚ ਹੈ ਜਾਂ ਪੰਜਾਬ ਤੋਂ ਬਾਹਰ।
ਸੂਤਰ ਦੱਸਦੇ ਹਨ ਕਿ ਇਹ ਪੋਸਟ ’ਚ ਇਹ ਵੀ ਦਰਜ ਹੈ ਕਿ ‘ਪਿਛਲੇ ਤਿੰਨ ਸਾਲਾਂ ਤੋਂ ਬਿਨਾਂ ਕਿਸੇ ਕੰਮ ਨੂੰ ਹੱਥ ਲਾਏ ਪੰਜਾਬ ਦੇ ਲੋਕਾਂ ਵੱਲੋਂ ਹੀ ਦਿੱਤੀ “ਘੁੰਮਣ ਵਾਲੀ ਕੁਰਸੀ“ ਉੱਤੇ ਝੂਟੇ ਲੈਣ ਵਾਲਾ ਵਿਹਲੜ ਵਿੱਤ ਮੰਤਰੀ ਅੱਜ ਕੋਰੋਨਾ ਨਾਲ ਜੰਗ ਲੜਦੇ ਪੰਜਾਬ ਨੂੰ ਛੱਡ ਕਿਸ ਖੂੰਝੇ ਜਾ ਲੁਕਿਆ ਹੈ ? ਕਿਸੇ ਨੇ ਦੇਖਿਆ ਹੋਵੇ ਤਾਂ ਜਰੂਰ ਦੱਸੋ। ਮਾਮਲੇ ਦੇ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।