ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2020 - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵਿੱਚ ਸ਼ਾਮਲ 10 ਕਿਸਾਨ ਜਥੇਬੰਦੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਅਤੇ ਪੇਂਡੂ ਖੇਤ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ-ਪੱਤਰ ਭੇਜਿਆ ਜਿਸ ’ਚ ਕਣਕ ਦੀ ਸੁਚੱਜੀ ਖਰੀਦ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਜੱਥੇੇਰੰਦੀਆਂ ਨੇ ਪ੍ਰੈਸ ਬਿਆਨ ’ਚ ਆਖਿਆ ਹੈ ਕਿ ਹਾੜੀ ਦੀਆਂ ਫਸਲਾਂ ਨੂੰ ਸਾਂਭਣ , ਖਾਸ ਕਰਕੇ ਕਣਕ ਦੀ ਵਢਾਈ ਦਾ ਸਮਾਂ ਸਿਰ ਤੇ ਆ ਗਿਆ ਹੈ ਇਸ ਲਈ 15 ਤੋਂ 30 ਅਪਰੈਲ ਤੱਕ ਖੇਤੀ ਖੇਤਰ ਦੀਆਂ ਸਰਗਰਮੀਆਂ ਨੂੰ ਖੁੱਲ ਕੇ ਚੱਲਣ ਦੇਣ ਲਈ ਪੇਂਡੂ ਇਲਾਕਿਆਂ ਵਿੱਚ ਲਾਕ ਡਾਊਨ ਨੂੰ ਬਿਲਕੁਲ ਢਿੱਲਾ ਕਰ ਦੇਣਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਮੰਡੀ ’ਚ ਟਾਸਕ ਫੋਰਸ ਦੀ ਤਾਇਨਾਤੀ ਅਤੇ ਸਿੱਖਿਅਤ ਕਰਨਾ ਵਕਤ ਦੀ ਲੋੜ ਹੈ। ਆਗੂਆਂ ਨੇ ਕਣਕ ਦੀ ਵਢਾਈ ਦਾ ਸਮਾਂ ਸਵੇਰੇ 6.00 ਵਜੇ ਤੋਂ ਲੈ ਕੇ ਸ਼ਾਮ ਦੇ 8.00 ਵਜੇ ਤੱਕ ਐਲਾਨਣ, ਕੰਬਾਈਨਾਂ, ਟਰੈਕਟਰਾਂ ਅਤੇ ਹੋਰ ਮਸ਼ੀਨਰੀ ਦੀ ਆਵਾਜਾਈ (ਪੰਜਾਬ ਅਤੇ ਨਾਲ ਦੇ ਸੂਬਿਆਂ ‘ਚ) ਨੂੰ ਨਿਰਵਿਘਨ ਚੱਲਣ ਦਿੱਤੀ ਅਤੇ ਐਸਐਮ ਐਸ ਲਗਾਉਣ ਦੀ ਸ਼ਰਤ ਹਟਾਉਣ ਲਈ ਵੀ ਕਿਹਾ। ਉਨਾਂ ਆਖਿਆ ਕਿ ਸਪੇਅਰ ਪਾਰਟਸ, ਮਿਸਤਰੀਆਂ ਦੀਆਂ ਵਰਕਸ਼ਾਪਾਂ ਅਤੇ ਟਾਇਰ ਬਦਲਣ ਅਤੇ ਪੰਕਚਰ ਲਾਉਣ ਵਾਲੀਆਂ ਦੁਕਾਨਾਂ ਨੂੰ ਵੀ ਸਾਰਾ ਦਿਨ ਖੁੱਲਣ ਦੀ ਇਜਾਜ਼ਤ ਦੇਣੀ ਬਣਦੀ ਹੈ। ਉਨਾਂ ਆਖਿਆ ਕਿ ਕਣਕ ਦਾ ਮੰਡੀਕਰਨ ਯਕੀਨੀ ਬਨਾਉਣ ਲਈ, ਮੰਡੀਆਂ ਦੀ ਗਿਣਤੀ 1820 ਤੋਂ ਵਧਾ ਕੇ ਲੋੜ ਮੁਤਾਬਿਕ ਵੱਧ ਕਰਨੀ ਅਤੇ ਮੰਡੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਹਰ ਏਜੰਸੀ ਅਤੇ ਮੁਲਾਜਮਾਂ ਤੋਂ ਇਲਾਵਾ ਆੜਤੀਆਂ ਨੂੰ ਤਾਇਨਾਤ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਕਣਕ ਦੀ ਵਿੱਕਰੀ ’ਚ ਤੇਜੀ ਲਈ ਕਿਸਾਨਾਂ ਦੇ ਸਮੱਚੇ ਵੇਰਵੇ ਅਤੇ ਮੰਡੀ ਜਾਣ ਬਾਰੇ ਵੀ ਦੱਸਿਆ ਜਾਵੇ ਤਾਂ ਜੋ ਕਿਸਾਨ ਸਾਮ ਤੱਕ ਕਣਕ ਵੇਚ ਕੇ ਆਪਣੇ ਘਰ ਜਾ ਸਕੇ। ਉਨਾਂ ਦੱਸਿਆ ਕਿ ਇਸ ਵਾਰ ਮੌਸਮੀ ਅਤੇ ਸਮਾਜਿਕ ਹਾਲਾਤਾਂ ਨੂੰ ਦੇਖਦਿਆਂ ਕਣਕ ਨੂੰ ਖਰੀਦਣ ਲਈ ਰੱਖੀ ਜਾਂਦੀ ਨਮੀ ਦੀ ਸ਼ਰਤ ਨੂੰ ਖਤਮ ਕਰਨ ਅਤੇ 48 ਘੰਟਿਆਂ ’ਚ ਅਦਾਇਗੀ ਹੋਵੇ ਯਕੀਨੀ ਬਨਾਉਣ ਦੀ ਜਰੂਰਤ ਹੈ । ਉਨਾਂ ਆਖਿਆ ਕਿ ਗਰੀਬ ਅਤੇ ਛੋਟੇ ਕਿਸਾਨਾਂ ਨੇ ਇਸ ਵਾਰ ਕਣਕ ਹੱਥੀਂ ਵੱਢਣ ਦੀ ਬਜਾਏ ਮਜਬੂਰੀ ਵੱਸ ਕੰਬਾਈਨ ਤੋਂ ਕਟਾਉਣੀ ਪਵੇਗੀ ਜੋ ਲਾਗਤ ਵਧਾਏਗੀ ਅਤੇ ਤੂੜਂ ਦਾ ਨੁਕਸਾਨ ਕਰੇਗੀ ਇਸ ਲਈ ਪੰਜ ਏਕੜ ਤੱਕ ਦੇ ਕਿਸਾਨ ਨੂੰ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਜਦੋਂਕਿ ਇਸ ਪ੍ਰਕਿਰਿਆ ’ਚ ਬੇਰੁਜਗਾਰ ਹੋਏ ਪੇਂਡੂ ਅਤੇ ਖੇਤ ਮਜ਼ਦੂਰ ਪਰਿਵਾਰਾਂ 8 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਬੇਰੁਜਗਾਰੀ ਮੁਆਵਜਾ ਦਿੱਤਾ ਜਾਵੇ।
ਆਗੂਆਂ ਨੇ ਕਿਸਾਨਾਂ ਜਾਂ ਮਜਦੂਰਾਂ ਲਈ 50 ਲੱਖ ਦਾ ਬੀਮਾਂ ,ਮੌਤ ਦੀ ਸੂਰਤ ’ਚ ਏਨਾਂ ਹੀ ਮੁਆਵਜਾ ,ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਦੇ ਇਸ ਛਿਮਾਹੀ ਦੇ ਸਰਕਾਰੀ ਤੇ ਪ੍ਰਾਈਵੇਟ ਕਰਜਿਆਂ ਤੇ ਵਿਆਜ ਲੀਕ ਮਾਰਨ, ਕਣਕ ਤੇ 500 ਰੁਪਏ ਕੁਇੰਟਲ ਬੋਨਸ, ਗੜੇਮਾਰੀ ਤੇ ਬਾਰਸ਼ਾਂ ਕਾਰਨ ਖਰਾਬ ਫਸਲਾਂ ਦਾ 40 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ, ਪਰਾਲੀ ਦੀ ਸਾਂਭ ਸੰਭਾਲ ਲਈ 100 ਰੁਪਏ ਪ੍ਰਤੀ ਕੁਇੰਟਲ ਸਹਾਇਤਾ ਰਾਸ਼ੀ , ਗੰਨਾ ਕਿਸਾਨਾਂ ਦੇ ਬਕਾਏ ਦੀ ਅਦਾਇਗੀ, ਲਾਕਡਾਊਨ ’ਚ ਗੰਨਾ ਪੀੜਨ ਦੇ ਪ੍ਰਬੰਧ ਅਤੇ ਪਸ਼ੂ ਪਾਲਕਾਂ ,ਡੇਅਰੀ ਧੰਦੇ ਅਤੇ ਹੋਰ ਸਹਾਇਕ ਧੰਦਿਆਂ ਦੇ ਮਾਮਲੇ ’ਚ ਮੁਆਵਜੇ ਦੀ ਮੰਗ ਕੀਤੀ ਹੈ।
ਜਥੇਬੰਦੀਆਂ ਵਿੱਚ ਸ਼ਾਮਲ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ, ਸਤਨਾਮ ਸਿੰਘ ਅਜਨਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਗਮੋਹਣ ਸਿੰਘ ਪਟਿਆਲਾ,ਭੁਪਿੰਦਰ ਸਾਂਭਰ, ਪ੍ਰਧਾਨ, ਕੁੱਲ ਹਿੰਦ ਕਿਸਾਨ ਸਭਾ , ਮੇਜਰ ਸਿੰਘ ਪੁੰਨਾਂਵਾਲ, ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਨਿਰਭੈ ਸਿੰਘ ਢੂਡੀਕੇ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਡਾ: ਦਰਸ਼ਨ ਪਾਲ ਸੂਬਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ, ਇੰਦਰਜੀਤ ਕੋਟਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਹਰਜਿੰਦਰ ਸਿੰਘ ਟਾਂਡਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ (ਅਜਾਦ) ਅਤੇ ਗੁਰਬਖ਼ਸ਼ ਸਿੰਘ ਬਰਨਾਲਾ ਪ੍ਰਧਾਨ ਜੈ ਕਿਸਾਨ ਅੰਦੋਲਨ ਪੰਜਾਬ ਨੇ ਸਿਹਤ ਸੇਵਾਵਾਂ ਦੇ ਰਹੇ ਸਰਕਾਰੀ ਅਦਾਰਿਆਂ ਲਈ ਵਿਸੇਸ਼ ਪੈਕੇੇਜ ਦੇਣ, ਡਾਕਟਰਾਂ ਤੇ ਸਿਹਤ ਕਾਮਿਆਂ ਲਈ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਜ਼ੋ ਸਮਾਨ ਮੁਹੱਈਆ ਕਰਵਾਉਣ, ਮਹਾਮਾਰੀ ਨੂੰ ਧਿਆਨ ਚ ਰੱਖਦੇ ਹੋਏ ਨਿੱਜੀ ਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਹਸਪਤਾਲਾਂ ਦਾ ਸਮੁੱਚਾ ਪ੍ਰਬੰਧ ਆਪਣੇ ਹੱਥਾਂ ’ਚ ਲੈਣ ਦੀ ਲੋੜ ਤੇ ਜੋਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੱਥੇਬੰਦੀਆਂ ਦੇ ਮੰਗ ਪੱਤਰ ਵੱਲ ਧਿਆਨ ਨਾਂ ਦਿੱਤਾ ਤਾਂ ਅਗਲੀ ਰਣਨੀਤੀ ਘੜੀ ਜਾਏਗੀ।