ਚੰਡੀਗੜ੍ਹ ਯੂਨੀਵਰਸਿਟੀ ਵਲੰਟੀਅਰਾਂ ਨੇ ਪੰਜਾਬ ਪੁਲਿਸ ਅਮਲੇ ਨੂੰ ਵੀ 100 ਲੀਟਰ ਸੈਨੇਟਾਈਜ਼ਰ ਪਹੁੰਚਾਇਆ
ਚੰਡੀਗੜ੍ਹ 12 ਅਪ੍ਰੈਲ 2020: ਭਾਰਤ ਵਿੱਚ ਕੋਵਿਡ-19 ਮਾਮਲਿਆਂ 'ਚ ਲਗਾਤਾਰ ਵਾਧਾ ਹੋਣ ਨਾਲ ਸਿਹਤ ਸੰਭਾਲ ਖੇਤਰ, ਜਿਸ ਵਿੱਚ ਡਾਕਟਰ, ਪੈਰਾ ਮੈਡੀਕਲ ਸਟਾਫ਼ ਅਤੇ ਪੈਥੋਲੋਜਿਸਟ ਸ਼ਾਮਲ ਹਨ, ਮਨੁੱਖ ਜਾਨਾਂ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਸੇ ਤਹਿਤ ਸਾਡੀ ਸਮਾਜ ਦੀ ਵੀ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦੀ ਪੇਸ਼ਕਸ਼ ਕਰਨਾ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਆਪਣੀ ਸੀਯੂ-ਏਡ ਮੁਹਿੰਮ ਤਹਿਤ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ), ਭਾਰਤ ਸਰਕਾਰ ਦੇ ਸਹਿਯੋਗ ਨਾਲ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨਵੀਂ ਦਿੱਲੀ ਨੂੰ 500 ਲੀਟਰ ਹਂੈਡ ਸੈਨੇਟਾਈਜ਼ਰ ਅਤੇ ਫੇਸ ਮਾਸਕ ਪ੍ਰਦਾਨ ਕੀਤੇ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਹੈਲਥ ਸਾਇੰਸਜ਼ (ਯੂ.ਆਈ.ਏ.ਐਚ.ਐਸ) ਦੇ ਵਿਦਿਆਰਥੀਆਂ ਅਤੇ ਸਟਾਫ਼ ਮਂੈਬਰਾਂ ਦੁਆਰਾ ਅਲਕੋਹਲ ਅਧਾਰਿਤ ਹਂੈਡ ਸੈਨੀਟਾਈਜ਼ਰ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਡਾ. ਰਸ਼ਮੀ ਸ਼ਰਮਾ, ਵਿਗਿਆਨੀ 'ਈ', ਡੀਐਸਟੀ, ਭਾਰਤ ਸਰਕਾਰ ਦੀ ਹਾਜ਼ਰੀ 'ਚ ਡਾ. ਨੰਦ ਕੁਮਾਰ ਪ੍ਰੋਫੈਸਰ, ਮਾਨਸਿਕ ਰੋਗਾਂ ਸਬੰਧੀ ਵਿਭਾਗ, ਏਮਜ਼, ਨਵੀਂ ਦਿੱਲੀ ਨੂੰ 500 ਲਿਟਰ ਹੈਂਡ ਸੈਨੇਟਾਈਜ਼ਰ ਅਤੇ ਫੇਸ ਮਾਸਕ ਸੌਂਪੇ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਲੰਟੀਅਰਾਂ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ 100 ਲੀਟਰ ਹਂੈਡਸੈਨੇਟਾਈਜ਼ਰ ਦਿੱਤਾ ਗਿਆ ਹੈ ਅਤੇ ਜ਼ਿਕਰਯੋਗ ਹੈ ਕਿ ਹੁਣ ਤੱਕ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੁੱਲ 3500 ਲੀਟਰ ਹੈਂਡ ਸੈਨੇਟਾਈਜ਼ਰ ਲੋੜਵੰਦਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ।
ਇਸ ਮੌਕੇ ਡਾ. ਨੰਦ ਕੁਮਾਰ ਨੇ ਸੀਯੂ-ਏਡ ਮੁਹਿੰਮ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਏਮਜ਼ ਨੂੰ ਸੌਂਪਿਆ 70 ਫ਼ੀਸਦੀ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਹਸਪਤਾਲਾਂ ਵਿੱਚ ਵਰਤੇ ਜਾਂਦੇ ਸੈਨੇਟਾਈਜ਼ਰ ਦੇ ਨਿਰਧਾਰਿਤ ਮਾਪਦੰਡਾਂ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਆਪਣੇ ਪੈਰਾ ਮੈਡੀਕਲ ਸਟਾਫ਼, ਸੁਰੱਖਿਆ ਅਤੇ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਵੱਛਤਾ ਲਈ ਕੀਤੀ ਜਾਵੇਗੀ, ਜੋ ਕੋਵਿਡ-19 ਦੇ ਸੰਕਟ ਦੌਰਾਨ ਦਿਨ-ਰਾਤ ਏਮਜ਼ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਜ਼ਿਕਰਯੋਗ ਹੈ ਕਿ ਡਾ. ਪਵਨ ਕੁਮਾਰ ਵਿਗਿਆਨੀ 'ਈ', ਡੀਐਸਟੀ ਭਾਰਤ ਸਰਕਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਅਗਵਾਈ 'ਚ ਇੱਕ ਹੋਰ ਟੀਮ ਵੱਲੋਂ ਖੰਨਾ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ 100 ਲੀਟਰ ਹੈਂਡ ਸੈਨੇਟਾਈਜ਼ਰ ਸੌਂਪੇ ਗਏ। ਇਸ ਮੌਕੇ ਯੂ.ਆਈ.ਏ.ਐਚ.ਐਸ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਤਿਆਰ ਕੀਤਾ ਗਿਆ ਸੈਨੇਟਾਈਜ਼ਰ ਹਰਪ੍ਰੀਤ ਸਿੰਘ ਐਸ.ਐਸ.ਪੀ ਖੰਨਾ, ਜਗਵਿੰਦਰ ਸਿੰਘ ਐਸ.ਪੀ ਇਨਵੈਸਟੀਗੇਸ਼ਨ ਅਤੇ ਸ਼ਮਸ਼ੇਰ ਸਿੰਘ ਡੀ.ਐਸ.ਪੀ ਹੈਡਕੁਆਟਰ ਨੂੰ ਸੌਂਪਿਆ ਗਿਆ।ਇਸ ਦੌਰਾਨ ਐਸ.ਐਸ.ਪੀ ਖੰਨਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਡੀਐਸਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਛੋਟੇ ਨੋਟਿਸ ਦੌਰਾਨ ਹੀ ਹੈਂਡ ਸੈਨੇਟਾਈਜ਼ਰ ਦੀ ਸੇਵਾ ਮੁਹੱਈਆ ਕਰਵਾਈ ਅਤੇ ਮੈਨੂੰ ਯਕੀਨ ਹੈ ਕਿ ਇਹ ਉਪਰਾਲਾ ਸਾਡੇ ਪੁਲਿਸ ਮੁਲਾਜ਼ਮਾਂ ਦੇ ਮਨੋਬਲ ਨੂੰ ਉਤਸ਼ਾਹਿਤ ਕਰੇਗਾ ਜੋ ਅਜਿਹੇ ਵਿਸ਼ਵਵਿਆਪੀ ਸੰਕਟ ਦੌਰਾਨ ਆਮ ਆਦਮੀ ਦੀ ਸੇਵਾ 'ਚ ਦਿਨ ਰਾਤ ਮਿਹਤਨ ਕਰ ਰਹੇ ਹਨ।
ਡੀ.ਐਸ.ਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੇ ਹੈਂਡਸੈਨੇਟਾਈਜ਼ਰ ਉਤਪਾਦਨ ਅਤੇ ਵੰਡ ਯੋਜਨਾ ਸਬੰਧੀ ਵੇਰਵਾ ਦਿੰਦੇ ਹੋਏ ਡਾ. ਪਵਨ ਨੇ ਕਿਹਾ ਕਿ ਡੀ.ਐਸ.ਟੀ ਨੇ ਕੰਪਨੀਆਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨੂੰ ਘੱਟ ਲਾਗਤ 'ਤੇ ਤਕਨੀਕੀ ਰੂਪ ਦੇ ਸੰਚਾਲਿਤ ਵੱਖ-ਵੱਖ ਹੱਲਾਂ 'ਤੇ ਕੰਮ ਕਰਨ ਲਈ ਕਿਹਾ, ਜਿਵੇਂ ਕਿ ਹੈਂਡ ਸੈਨੇਟਾਈਜ਼ਰ, ਮਾਸਕ, ਸਕੈਨਿੰਗ ਉਪਕਰਨ, ਡਾਇਗਨੋਸਟਿਕ ਕਿੱਟਾਂ ਅਤੇ ਵੈਂਟੀਲੇਟਰ ਆਦਿ।ਡਾ. ਪਵਨ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਭਾਰਤ ਵਿੱਚ ਕੋਵਿਡ-19 ਦੇ ਸੰਕਟ ਦੌਰਾਨ ਡੀ.ਐਸ.ਟੀ ਦੀ ਐਸ.ਵਾਈ.ਐਸ.ਟੀ (ਸਕੀਮ ਫਾਰ ਯੰਗ ਸਾਇੰਟਿਸਟਸ ਅਤੇ ਟੈਕਨਾਲੋਜਿਸਟਸ) ਸਕੀਮ ਦੇ ਤਹਿਤ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸੈਂਟਰ ਆਫ਼ ਰਿਸਰਚ ਐਂਡ ਡਿਵੈਲਪਮੈਂਟ (ਯੂ.ਸੀ.ਆਰ.ਡੀ) ਦੇ ਇੱਕ ਖੋਜ ਵਿਦਵਾਨ ਪ੍ਰੋ: ਰਣਵਿਜੈ ਕੁਮਾਰ ਨੇ ਭਾਰਤ ਵਿੱਚ ਵੈਂਟੀਲੇਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ 2 ਮਾਰਗੀ, 3 ਮਾਰਗੀ ਅਤੇ 4 ਮਾਰਗੀ ਸਪਿਲਟਰ ਤਿਆਰ ਕੀਤੇ ਹਨ।ਇਸੇ ਦੌਰਾਨ ਯੂਨੀਵਰਸਿਟੀ ਆਪਣੀ ਸੀਯੂ-ਏਡ ਮੁਹਿੰਮ ਤਹਿਤ ਮੋਹਾਲੀ ਦੇ ਨਜ਼ਦੀਕੀ ਪਿੰਡਾਂ 'ਚ ਗਰੀਬਾਂ, ਲੋੜਵੰਦਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਮੁਫ਼ਤ ਹੈਂਡ ਸੈਨੇਟਾਈਜ਼ਰ ਅਤੇ ਫੇਸ ਮਾਸਕ ਨਿਰੰਤਰ ਵੰਡ ਰਹੀ ਹੈ ਅਤੇ ਹੁਣ ਤੱਕ 'ਵਰਸਿਟੀ ਵੱਲੋਂ 3500 ਲੀਟਰ ਹਂੈਡ ਸੈਨੇਟਾਈਜ਼ਰ ਵੰਡਿਆ ਜਾ ਚੁੱਕਾ ਹੈ।
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਵਰਸਿਟੀ ਦੇ ਵਿਦਿਆਰਥੀ ਅਤੇ ਖੋਜ ਵਿਦਵਾਨ ਪਹਿਲਾਂ ਹੀ ਵੱਖ-ਵੱਖ ਖੋਜ ਪ੍ਰਾਜੈਕਟਾਂ 'ਤੇ ਲਗਾਤਾਰ ਜੁਟੇ ਹੋਏ ਹਨ, ਜੋ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਆਪਣਾ ਬਿਹਤਰ ਯੋਗਦਾਨ ਪਾ ਸਕਦੇ ਹਨ ਅਤੇ ਚੱਲ ਰਹੇ ਇਨ੍ਹਾਂ ਯਤਨਾਂ ਨੂੰ ਹੋਰ ਪ੍ਰਫੁਲਿਤ ਕਰਨ ਅਤੇ ਹੁੰਗਾਰਾ ਦੇਣ ਲਈ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਨਾਲ ਸਬੰਧਿਤ ਖੋਜ ਕਾਰਜਾਂ 'ਤੇ ਕੰਮ ਕਰਨ ਲਈ 5 ਕਰੋੜ ਦਾ ਵਿਸ਼ੇਸ਼ ਬਜ਼ਟ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵਵਿਆਸਪੀ ਸਮੱਸਿਆ ਬਣੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਦੇਸ਼ ਅਤੇ ਸੂਬੇ ਦੀ ਤੰਦਰੁਸਤੀ ਲਈ ਹਰ ਸੰਭਵ ਸਹਿਯੋਗ ਦੇਣ ਲਈ ਜਿਥੇ ਵਚਨਬੱਧ ਹੈ ਉਥੇ ਹੀ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੀ ਹੈ।