ਸਾਰੇ ਮਾਮਲੇ ਪਿੰਡ ਜਵਾਹਰਪੁਰ ਤੋਂ, ਤਿੰਨੋਂ ਹੀ ਪਹਿਲਾਂ ਹੀ ਪਾਜੇਟਿਵ ਮਾਮਲਿਆਂ ਦੇ ਨਜਦੀਕੀ ਪਰਿਵਾਰ ਮੈਂਬਰ
ਐਸ ਏ ਐਸ ਨਗਰ, 12 ਅਪ੍ਰੈਲ 2020: "ਜ਼ਿਲ੍ਹਾ ਪ੍ਰਸ਼ਾਸਨ ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਜਿਸ ਨਾਲ ਹੋਰ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਥਿਤੀ ਦਾ ਸਪਸ਼ਟ ਮੁਲਾਂਕਣ ਕਰਨ ਅਤੇ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਵਿਆਪਕ ਰਣਨੀਤੀ ਤਿਆਰ ਕਰਨ ਵਿਚ ਸਹਾਇਤਾ ਕਰੇਗੀ।"
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 3 ਹੋਰ ਮਾਮਲੇ ਸਾਹਮਣੇ ਆਏ ਹਨ। ਇਹਨਾਂ 3 ਪਾਜੇਟਿਵ ਮਾਮਲਿਆਂ ਵਿੱਚ ਪਿੰਡ ਜਵਾਹਰਪੁਰ ਤੋਂ ਕ੍ਰਮਵਾਰ 80 ਅਤੇ 55 ਸਾਲਾ ਦੋ ਮਹਿਲਾਵਾਂ ਸ਼ਾਮਲ ਹਨ ਅਤੇ ਇੱਕ 17 ਸਾਲ ਦੀ ਲੜਕੀ ਸ਼ਾਮਲ ਹੈ। ਇਹ ਪਹਿਲਾਂ ਹੀ ਪਾਜੇਟਿਵ ਮਾਮਲਿਆਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹਨ। ਇਹਨਾਂ ਨੂੰ ਪਹਿਲਾਂ ਹੀ ਅਲੱਗ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਖਰੜ ਦੀ ਰਹਿਣ ਵਾਲੀ 78 ਸਾਲਾ ਮਹਿਲਾ ਦੇ ਪਤੀ ਦੀ ਰਿਪੋਰਟ ਵੀ ਦੇਰ ਸ਼ਾਮ ਪਾਜੇਟਿਵ ਪਾਈ ਗਈ ਸੀ। ਹਾਲਾਂਕਿ, ਉਨ੍ਹਾਂ ਦੇ 6 ਪਰਿਵਾਰਕ ਮੈਂਬਰਾਂ ਦੇ ਨਮੂਨੇ ਨੈਗਟਿਵ ਆਏ ਹਨ ਅਤੇ ਇਹਨਾਂ ਸਾਰਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਹ ਵਰਣਨਯੋਗ ਹੈ ਕਿ ਸ਼ਨੀਵਾਰ ਨੂੰ ਹੀ, ਪਿੰਡ ਜਵਾਹਰਪੁਰ ਤੋਂ ਦੋ ਹੋਰ ਕੋਰੋਨਾ ਵਾਇਰਸ ਦੇ ਪਾਜੇਟਿਵ ਮਾਮਲੇ ਸਾਹਮਣੇ ਆਏ ਸਨ। ਪਾਜੇਟਿਵ ਪਾਏ ਗਏ ਵਿਅਕਤੀਆਂ ਵਿੱਚ 2 ਪੁਰਸ਼ ਹਨ, ਜੋ ਕਿ ਪਹਿਲਾਂ ਪਾਜੀਟਿਵ ਪਾਏ ਗਏ ਵਿਅਕਤੀਆਂ ਦੇ ਗੁਆਂਢੀ ਸਨ, ਅਤੇ ਉਹਨਾਂ ਦੀ ਉਮਰ ਕ੍ਰਮਵਾਰ 38 ਅਤੇ 58 ਸਾਲ ਹੈ।
ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 54 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 36 ਕੇਸ ਪਿੰਡ ਜਵਾਹਰਪੁਰ ਦੇ ਹਨ। ਇਸ ਤੋਂ ਇਲਾਵਾ 2 ਦੀ ਮੌਤ ਹੋ ਗਈ ਹੈ ਜਦਕਿ 5 ਵਿਅਕਤੀ ਠੀਕ ਹੋ ਗਏ ਹਨ ਅਤੇ ਘਰ ਚਲੇ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਹੁਣ ਤੱਕ 47 ਹੈ।
ਪਿੰਡ ਜਵਾਹਰਪੁਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਕੰਟੇਨਮੈਂਟ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਸੈਨੀਟਾਈਜੇਸ਼ਨ ਵੀ ਨਿਯਮਤ ਅੰਤਰਾਲਾਂ ‘ਤੇ ਕੀਤੀ ਜਾ ਰਹੀ ਹੈ।