- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੀਆਂ ਘਾਟਾਂ ਨੂੰ ਪੂਰਿਆ
ਫਿਰੋਜ਼ਪੁਰ, 12 ਅਪ੍ਰੈਲ 2020 : ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਨ ਵਾਸਤੇ ਸਰਕਾਰਾਂ ਵਲੋ ਘਰਾਂ 'ਚ ਸੁਰੱਖਿਅਤ ਰਹਿਣ ਲਈ ਲਾਏ ਕਰਫਿਉ ਦੌਰਾਨ ਪਿਛਲੇ ਵੀਹਾਂ ਦਿਨਾਂ ਤੋ ਲੋੜਵੰਦ ਗਰੀਬ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਤੱਕ ਪੰਜਾਬ ਸਰਕਾਰ ਵੱਲੋਂ ਰਾਸ਼ਨ ਪਹੁੰਚਾਉਣ ਦੇ ਕੀਤੇ ਵਾਅਦੇ ਨੂੰ, ਪੂਰਾ ਨਾ ਕਰਨ ਅਤੇ ਹਸਪਤਾਲਾਂ 'ਚ ਡਾਕਟਰਾਂ ਦੀਆਂ ਕਿੱਟਾਂ ਅਤੇ ਹੋਰ ਮੈਡੀਕਲ ਪ੍ਰਬੰਧ ਪੂਰੇ ਨਾ ਕਰਨ 'ਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਅਸਫਲ ਹੋਈ ਹੈ , ਜਿੱਥੇ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ ਉਥੇ ਸਾਨੂੰ ਇਸ ਬਿਮਾਰੀ ਤੋਂ ਬਚਾਉਣ ਵਾਲੇ ਡਾਕਟਰੀ ਅਮਲੇ ਦੇ ਲੋਕ ਸਬੰਧਤ ਸਮਾਨ ਨਾ ਮਿਲਣ ਕਰਕੇ ਖੁਦ ਭੈਭੀਤ ਨਜਰ ਆ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਬਿਆਨ 'ਚ ਕੀਤਾ।
ਉਹਨਾਂ ਕਿਹਾ ਕਿ ਅਸੀਂ ਬੇਸ਼ੱਕ ਪਿਛਲੇ ਵੀਹ ਦਿਨਾਂ ਤੋਂ ਚੁੱਪ ਚਾਪ ਸਰਕਾਰ ਦਾ ਸਾਥ ਦੇ ਰਹੇ ਹਾਂ ਇਸ ਮੌਕੇ ਬਿਆਨਬਾਜ਼ੀ ਕਰਨ ਨੂੰ ਉਹ ਤਰਜੀਹ ਨਹੀ ਦੇਣਾ ਚਾਹੁੰਦੇ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਰਕਾਰ ਨੂੰ ਹਰ ਸਹਿਯੋਗ ਦੇਣ ਦੇ ਬਾਵਜੂਦ ਵੀ ਸਰਕਾਰ ਪਿਛਲੇ ਤਿੰਨ ਸਾਲਾਂ ਵਾਂਗ ਹੀ ਇਸ ਭਿਆਨਕ ਸਮੇਂ ਵੀ ਸਿਰਫ ਪੁਰਾਣੇ ਵਾਅਦਿਆਂ ਵਾਂਗ ਹੀ ਡੰਗ ਟਪਾ ਲੋਕਾਂ ਨੂੰ ਹਰ ਸਹੂਲਤ ਤੋ ਵਾਂਝੇ ਰੱਖ ਰਹੀ ਹੈ, ਸਗੋਂ ਲੋਕਾਂ ਨੂੰ ਕੁਝ ਦੇਣ ਦੀ ਬਜਾਏ ਕੈਪਟਨ ਸਾਹਬ ਵੱਲੋਂ ਅਣਅਧਿਕਾਰਤ ਅੰਕੜੇ ਜਾਰੀ ਕਰਕੇ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭੜਕਾਉਣ ਲਈ ਦਹਿਸ਼ਤ ਦਾ ਮਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ 'ਚ ਭੁੱਖ 'ਤੇ ਬਿਮਾਰੀ ਦੀ ਦੋਹਰੀ ਮੁਸੀਬਤ ਦਾ ਟਾਕਰਾ ਕਰ ਰਹੇ ਲੋਕਾਂ ਨੂੰ ਜੋ ਥੋੜਾ ਬਹੁਤਾ ਸਮਾਨ ਪਹੁੰਚਿਆ ਹੈ, ਨੂੰ ਵੰਡਣ 'ਚ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਵਿਕਤਰੇਬਾਜੀ ਨਾਲ ਜਿਥੇ ਖਾਨਾ ਜੰਗੀ ਦਾ ਮਹੌਲ ਬਣਿਆ ਹੈ ਉਥੇ ਸਮਾਜ ਸੌੜੀ ਰਾਜਨੀਤੀ ਦੀ ਭੇਂਟ ਵੀ ਚੜ ਰਿਹਾ ਹੈ,ਜਿਸ ਨਾਲ ਭਾਈਚਾਰਕ ਸਾਂਝਾ ਵੀ ਟੁੱਟ ਰਹੀਆਂ ਹਨ। ਬਰਾੜ ਨੇ ਕਿਹਾ ਕਿ ਸਰਕਾਰ ਵਲੋ ਕੋਈ ਸਰਕਾਰੀ ਸਮਾਨ ਨਾ ਵੰਡਣ ਦੇ ਜਵਾਬ ਵਿਚ ਵੀ ਇਸ ਸਰਕਾਰ ਦੇ ਖਜ਼ਾਨਾ ਮੰਤਰੀ ਕਹਿ ਰਹੇ ਹਨ ਕਿ ਅਸੀ ਸਰਕਾਰੀ ਪੇਸੈ ਨੂੰ ਖੁਦ ਹੱਥ ਨਹੀ ਲਾਇਆ, ਸਗੋਂ ਲੋਕ ਇਹ ਖੁਦ ਹੀ ਸਾਰਾ ਕੁਝ ਵੰਡ ਰਹੇ ਹਨ ਜੋ ਬਿਲਕੁੱਲ ਦੁਰਸਤ ਹੈ, ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਵੀਹ ਦਿਨਾਂ ਬਾਅਦ ਵੀ ਸਰਕਾਰ ਦੇ ਹੱਥ ਖਾਲ਼ੀ ਹਨ।
ਦੂਸਰੇ ਪਾਸੇ ਵੇਖਿਆ ਜਾ ਰਿਹਾ ਹੈ ਕਿ ਅਜਿਹੇ ਮਾਹੌਲ 'ਚ ਲੋੜਵੰਦਾ ਦੀ ਬਾਂਹ ਫੜਨ ਲਈ ਗਰੀਬ ਵਾਸਤੇ ਗੁਰੂ ਦੀ ਗੋਲਕ ਦਾ ਮੂੰਹ ਖੋਲਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੇ ਤੌਰ 'ਤੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਲੱਖਾਂ ਲੋਕਾ ਨੂੰ ਰਾਹਤ ਮਿਲ ਰਹੀ ਹੈ ਜਿਸ ਦੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਹੈ ਅਤੇ ਸੂਝਵਾਨ ਲੋਕਾਂ ਵਲੋ ਵੀ ਇਹਨਾਂ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਸਰਦਾਰ ਬਰਾੜ ਨੇ ਕਿਹਾ ਕਿ ਸਮੁੱਚਾ ਸਿੱਖ ਜਗਤ ਕੌਮ ਦੇ ਹੀਰੇ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਅਣਕਿਆਸੀ ਮੌਤ ਦੀ ਜਾਂਚ ਨਾ ਹੋਣ 'ਤੇ ਵੀ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿੰਦਿਆ ਕਰ ਰਿਹਾ ਹੈ।
ਕਿਉਕਿ ਭਾਈ ਸਾਹਿਬ ਜੀ ਦਾ ਇਲਾਜ ਨਾ ਕਰਨ ਵਾਲੀ ਉਹਨਾਂ ਦੀ ਖੁਦ ਆਡੀਉ ਸਾਹਮਣੇ ਆ ਚੁੱਕੀ ਹੈ ਜੋ ਓਥੋਂ ਦੇ ਅਮਲੇ ਦੇ ਰਵਈਏ ਦੀ ਵੱਡੀ ਘਾਟ ਨੂੰ ਨਸ਼ਰ ਕਰ ਰਹੀ ਹੈ ,ਅਤੇ ਉਹਨਾਂ ਦੀ ਮੌਤ ਤੋ ਬਾਅਦ ਪਦਮਸ਼੍ਰੀ ਸਨਮਾਨਿਤ ਹੋਣ ਦਾ ਸਰਕਾਰੀ ਸਨਮਾਨ ਨਾ ਮਿਲਣਾ, ਉਪਰੋਂ ਨਵਜੋਤ ਸਿੰਘ ਸਿੱਧੂ ਦੇ ਨਜਦੀਕੀ ਮਾਸਟਰ ਹਰਪਾਲ ਸਿੰਘ ਵੇਰਕਾ ਵਲੋ ਸਸਕਾਰ ਦਾ ਰੋਕਣਾ ਅਤੇ ਉਸ ਤੇ ਵੀ ਕੋਈ ਪਰਚਾ ਦਰਜ ਨਾ ਹੋਣਾ, ਸਿੱਖਾਂ ਦੇ ਮਨਾਂ ਤੇ ਗਹਿਰੀ ਸੱਟ ਵੱਜੀ ਹੈ। ਜੇਕਰ ਜਲੰਧਰ ਵਿੱਚ ਇੱਕ ਕਾਂਗਰਸੀ ਆਗੂ ਦੇ ਸਸਕਾਰ ਵਿੱਚ ਅੜਿੱਕਾ ਡਾਹੁਣ ਵਾਲੇ ਸੱਠ ਲੋਕਾਂ ਖਿਲਾਫ ਪਰਚਾ ਦਰਜ ਹੋ ਸਕਦਾ ਹੈ ਤਾਂ ਕੌਮ ਦੇ ਮਹਾਨ ਕੀਰਤਨੀਏ 'ਤੇ ਸਮੁੱਚੀ ਸਿੱਖ ਕੌਮ ਦੇ ਹੀਰੇ ਦੇ ਅਪਮਾਨ ਕਰਨ ਵਾਲੇ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ।
ਜਿਸ ਦਾ ਲੋਕ ਸਰਕਾਰ ਤੋ ਜਵਾਬ ਮੰਗਦੇ ਹਨ। ਉਹਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਮੈਡੀਕਲ ਜਾਂ ਹੋਰ ਪ੍ਰਬੰਧਾਂ ਤੋ ਜਾਣੂ ਹੁੰਦੇ ਹੋਏ ਆਪਣੀ ਸਿਹਤ ਦਾ ਖੁਦ ਖਿਆਲ ਰੱਖਣ ਅਤੇ ਆਪਣੇ ਆਂਢ ਗੁਆਂਢ ਵਸਦੇ ਜਰੂਰਤਮੰਦਾ ਦੀ ਸਹਾਇਤਾ ਵੀ ਕਰਨ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਕੋਈ ਭੁੱਖੇ ਢਿੱਡ ਨਹੀਂ ਸਾਉਣਾ ਚਾਹੀਦਾ।
ਕਿਉਂਕਿ ਹੁਣ ਮੁਸੀਬਤ ਵੇਲੇ ਮੌਜੂਦਾ ਸਰਕਾਰ ਆਪਣੇ ਫਰਜ ਪੂਰੇ ਨਹੀਂ ਕਰ ਰਹੀ। ਬਰਾੜ ਨੇ ਉਦਾਹਰਣ ਦਿੰਦਿਆ ਕਿਹਾ ਕਿ ਫਿਰੋਜ਼ਪੁਰ ਜਿਲੇ :ਚ ਹੁਣ ਤੱਕ ਸਿਰਫ ਦੋ ਦੋ ਹਜਾਰ ਰਾਸ਼ਨ ਪੈਕਟ ਪ੍ਰਤੀ ਹਲਕਾ ਵੰਡਿਆ ਹੈ ਉਹ ਵੀ ਸਿਰਫ ਕਾਂਗਰਸ ਦੇ ਚਹੇਤਿਆਂ ਨੂੰ ਵੰਡਿਆਂ ਗਿਆ ਨਾਂ ਕੇ ਲੋੜਵੰਦਾ ਨੂੰ ਵੰਡਿਆ। ਜਦ ਕਿ ਸਮੁੱਚੇ ਜ਼ਿਲ੍ਹੇ ਵਿੱਚ ਘੱਟੋ ਘੱਟ ਇੱਕ ਲੱਖ ਪੈਕਟ ਦੀ ਜਰੂਰਤ ਹੈ ਇਹੀ ਹਾਲ ਸਾਰੇ ਪੰਜਾਬ ਵਿੱਚ ਹੈ ਇੱਥੋ ਤੱਕ ਕਿ ਮੁੱਖ ਮੰਤਰੀ ਦੇ ਆਪਣੇ ਜਿਲੇ ਵਿੱਚ ਵੀ ਇਹੀ ਹਾਲ ਹੈ। ਲੋੜਵੰਦਾ ਲਈ ਸਰਕਾਰੀ ਕਿੱਟਾਂ ਵਿੱਚ ਘੱਟੋ ਘੱਟ 40 ਕਿੱਲੋ ਆਟਾ, ਪੰਜ ਕਿੱਲੋ ਖੰਡ, ਦੋ ਕਿੱਲੋ ਦਾਲ, ਆਲੂ ਕਿਸਾਨ ਤੋਂ ਸਿੱਧਾ ਖਰੀਦ ਕੇ, ਲੂਣ,ਮਿਰਚ, ਮਸਾਲਾ, ਤੇਲ,ਸਾਬਣ ਆਦਿ ਸਾਰਾ ਸਮਾਨ ਦਿੱਤਾ ਜਾਵੇ। ਕਿਉਕਿ ਸਰਕਾਰ ਨੂੰ ਕਣਕ ਦੋ ਰੁਪਏ ਕਿੱਲੋ ਅਤੇ ਚੀਨੀ ਵੀ ਵਾਜਬ ਰੇਟਾਂ 'ਤੇ ਕੇਂਦਰ ਸਰਕਾਰ ਨੇ ਦੇਣੀ ਹੈ ਜਿਸ ਦਾ ਵੱਧ ਤੋਂ ਵੱਧ ਫਾਇਦਾ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ।