- ਪੁਲਿਸ ਮੁਲਾਜ਼ਮਾਂ ਉਤੇ ਕੀਤੇ ਗਿਆ ਹਮਲਾ ਅਤਿ ਨਿੰਦਣਯੋਗ - ਬਾਬਾ ਹਾਕਮ ਸਿੰਘ
ਪਟਿਆਲਾ, 12 ਅਪ੍ਰੈਲ 2020 - ਪਟਿਆਲਾ ਜਿਲ੍ਹੇ ਵਿਚ ਨਿਹੰਗਾਂ ਦੇ ਬਾਣੇ ਵਿਚ ਆਏ ਬਹੁ-ਰੂਪੀਆਂ ਵੱਲੋਂ ਡਿਊਟੀ ਕਰ ਰਹੇ ਪੁਲਿਸ ਮਲਾਜ਼ਮਾਂ ਉਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਦੇ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਦੇ ਉਪ ਮੁਖੀ ਬਾਬਾ ਹਾਕਮ ਸਿੰਘ ਨੇ ਇਸ ਹਮਲੇ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਸ਼ਿਵਪੁਰੀ (ਮੱਧ ਪ੍ਰਦੇਸ਼) ਵਿਚ ਗਏ ਹੋਏ ਬਾਬਾ ਹਾਕਮ ਸਿੰਘ ਨੇ ਫੋਨ ਉਤੇ ਗੱਲ ਕਰਦੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਇਸ ਸੰਕਟ ਦੇ ਸਮੇਂ ਸਮੁੱਚੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਹਿਫ਼ਾਜ਼ਤ ਵਿਚ ਲੱਗੀ ਹੋਈ ਹੈ, ਜਿਸ ਵਿਚ ਪੰਜਾਬ ਪੁਲਿਸ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਇਆ ਗਿਆ ਕਰਫਿਊ ਲੋਕਾਂ ਦੇ ਭਲੇ ਲਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਆਪ ਪਾਲਣਾ ਕਰਨੀ ਚਾਹੀਦੀ ਹੈ, ਨਾ ਕਿ ਪੁਲਿਸ ਦੇ ਡੰਡੇ ਨੂੰ ਉਡੀਕਣਾ ਚਾਹੀਦਾ ਹੈ।
ਬਾਬਾ ਹਾਕਮ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਨ੍ਹਾਂ ਨਿਹੰਗ ਬਾਣੇ ਵਿਚ ਆਏ ਵਿਅਕਤੀਆਂ ਨੇ ਲੋਕਾਂ ਦੀ ਰੱਖਿਆ ਲਈ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕਰਕੇ ਕਾਇਰਤਾ ਦਾ ਸਬੂਤ ਦਿੱਤਾ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਬਾਬਾ ਹਾਕਮ ਸਿੰਘ ਨੇ ਆਈ ਜੀ ਪਟਿਆਲਾ ਸ. ਜਤਿੰਦਰ ਸਿੰਘ ਔਲਖ ਤੇ ਜਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੂੰ ਵਧਾਈ ਦਿੱਤੀ, ਜਿੰਨਾ ਨੇ ਬਿਨਾਂ ਕਿਸੇ ਮਰਿਯਾਦਾ ਭੰਗ ਕੀਤੇ ਅਤੇ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਦੇ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਿਲ ਕਰ ਲਈ। ਉਨ੍ਹਾਂ ਕਿਹਾ ਕਿ ਕਰਫਿਊ ਹਟਣ ਮਗਰੋਂ ਉਹ ਸਿੱਧਾ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਨੂੰ ਮਿਲ ਕੇ ਜਿੱਥੇ ਉਨਾਂ ਨੂੰ ਇਸ ਕਾਮਯਾਬੀ ਲਈ ਸਨਮਾਨਿਤ ਕਰਨਗੇ ਉਥੇ ਇਕ ਲੱਖ ਰੁਪਏ ਵੀ ਸੌਂਪਣਗੇ।