ਰਜਨੀਸ਼ ਸਰੀਨ
- ਪਹਿਲੀ ਟੀਮ ਫ਼ਗਵਾੜਾ-ਜਲੰਧਰ ਰੋਡ ’ਤੇ ਮੇਹਲੀ ਨਾਕੇ ’ਤੇ ਲਾਈ ਗਈ
- ਅਗਲੇ ਦਿਨਾਂ ’ਚ ਚਾਰ ਹੋਰ ਪ੍ਰਮੁੱਖ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਮੈਡੀਕਲ ਟੀਮਾਂ ਬੈਠਣਗੀਆਂ
ਨਵਾਂ ਸ਼ਹਿਰ, 12 ਅਪਰੈਲ 2020 - ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਕੋਵਿਡ-19 ਦੇ ਪ੍ਰਭਾਵ ਤੋਂ ਬੜੀ ਮੁਸ਼ੱਕਤ ਨਾਲ ਬਾਹਰ ਆ ਰਹੇ ਜ਼ਿਲ੍ਹੇ ’ਚ ਬਾਹਰੀ ਲੋਕਾਂ ਦੀ ਆਮਦ ਦੌਰਾਨ ਉਨ੍ਹਾਂ ’ਚ ਕੋਰੋਨਾ ਲੱਛਣਾਂ ਦੀ ਜਾਂਚ ਲਰਨ ਲਈ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਮੈਡੀਕਲ ਟੀਮਾਂ ਬਿਠਾਉਣ ਦਾ ਫੈਸਲਾ ਕੀਤਾ ਹੈ।
ਦੇਰ ਸ਼ਾਮ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਰਿਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ੁਰੂਆਤੀ ਤੌਰ ’ਤੇ ਜਲੰਧਰ-ਫ਼ਗਵਾੜਾ ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਮੇਹਲੀ ਨਾਕੇ ’ਤੇ ਮੈਡੀਕਲ ਟੀਮ ਦੀ ਤਾਇਨਾਤੀ ਕਰ ਦਿਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਪੀੜਤਾਂ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਨਾਕੇ ਨੂੰ ਅਹਿਮੀਅਤ ਦਿੰਦਿਆਂ, ਅੱਜ ਤੋਂ ਮੈਡੀਕਲ ਟੀਮ ਵੱਲੋਂ ਜਲੰਧਰ ਤੋਂ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਲੋਕਾਂ ’ਚ ਕੋਰੋਨਾ ਦੇ ਪ੍ਰਮੁੱਖ ਲੱਛਣਾਂ ਜਿਵੇਂ ਤੇਜ਼ ਬੁਖਾਰ ਅਤੇ ਸੁੱਕੀ ਖੰਘ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸ ਐਸ ਪੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੁਲਿਸ ਦੀ ਇਸ ਅੰਤਰ ਜ਼ਿਲ੍ਹਾ ਨਾਕਾਬੰਦੀਆਂ ’ਤੇ ਮੈਡੀਕਲ ਟੀਮਾਂ ਦੀ ਯੋਜਨਾ ਨਾਲ ਇੱਕਸੁਰਤਾ ਦਿਖਾਉਂਦਿਆਂ ਇਸ ਨੂੰ ਤੁਰੰਤ ਮਨਜੂਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਮੁੱਖ ਤੌਰ ’ਤੇ ਜਿਨ੍ਹਾਂ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਮੈਡੀਕਲ ਟੀਮਾਂ ਅਗਲੇ ਦਿਨਾਂ ’ਚ ਤਾਇਨਾਤ ਕੀਤੀਆਂ ਜਾਣਗੀਆਂ, ਉਨ੍ਹਾਂ ’ਚ ਦਰਿਆ ਸਤਲੁੱਜ ਦੇ ਮਾਛੀਵਾੜਾ-ਰਾਹੋਂ ਪੁੱਲ, ਫ਼ਿਲੌਰ-ਰਾਹੋਂ ਰੋਡ, ਆਸਰੋਂ, ਗੜ੍ਹਸ਼ੰਕਰ ਰੋਡ ਸ਼ਾਮਿਲ ਹਨ। ਇਸ ਤੋਂ ਬਾਅਦ ਬਾਕੀ ਰਹਿ ਗਏ ਨਾਕਿਆਂ ’ਤੇ ਵੀ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਜਾਵੇਗਾ।