ਜਿਲਾ ਪਟਿਆਲਾ ’ਚ ਨੂੰ ਅੱਗ ਲੱਗਣ ਦੀ ਹੋ ਚੁੱਕੀ ਹੈ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ,13 ਅਪਰੈਲ 2020: ਵਿਸਾਖ ਦੇ ਮਹੀਨੇ ਕਣਕ ਦੀ ਪੱਕੀ ਫਸਲ ਜਿਸ ਤੋਂ ਅਗਲੇ ਛੇ ਮਹੀਨਿਆਂ ਲਈ ਕਿਸਾਨਾਂ ਨੇ ਆਪਣੇ ਖੇਤੀ ਖਰਚੇ ਅਤੇ ਘਰੇਲੂ ਆਈ ਚਲਾਈ ਚਲਾਉਣੀ ਹੁੰਦੀ ਹੈ, ਦੀ ਸੁਰੱਖਿਆ ਵੀ ਧੁਰ ਤੋਂ ਕੇਵਲ ਤੇ ਕੇਵਲ ਰੱਬ ਆਸਰੇ ਹੀ ਚੱਲੀ ਆ ਰਹੀ ਹੈ। ਹਰ ਸਾਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਸ਼ਰਾਰਤ ਸਦਕਾ ਪਲ ਭਰ ਵਿਚ ਹੀ ਕਿਸਾਨ ਦੀ ਪੱਕੀ ਫਸਲ ਸੁਆਹ ਦਾ ਢੇਰ ਬਣ ਕੇ ਰਹਿ ਜਾਂਦੀ ਹੈ, ਜਿਸ ਦੀ ਸੁਰੱਖਿਆ ਲਈ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਪੁਖਤਾ ਪ੍ਰਬੰਧ ਨਹੀ ਕੀਤੇ ਜਾ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਲ ਦਰ ਸਾਲ ਅਖਬਾਰੀ ਸੁਰਖੀਆਂ ਬਣ ਕੇ ਰਹਿ ਜਾਂਦੀਆਂ ਹਨ, ਜਿਨਾਂ ਦਾ ਵੱਡਾ ਮਾਨਸਿਕ ਅਤੇ ਆਰਥਿਕ ਤੌਰ ’ਤੇ ਹਰਜਾਨਾ ਪੀੜਤ ਕਿਸਾਨ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਉਨਾਂ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਦੇ ਹੁੰਦੇ ਨੁਕਸਾਨ ਦੀ ਪੂਰਤੀ ਨਹੀ ਕੀਤੀ। ਉਨਾਂ ਕਿਹਾ ਕਿ ਢਿੱਲੀਆਂ ਤਾਰਾਂ ਵੀ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣਦੀਆਂ ਹਨ, ਜਿਸ ਦੇ ਚਲਦਿਆਂ ਖੇਤਾਂ ਵਿਚ ਲੰਘਦੀਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਅਕਸਰ ਆਪਸ ਵਿਚ ਟਕਰਾ ਜਾਂਦੀਆਂ ਹਨ ਤੇ ਸ਼ਾਰਟ ਸਰਕਟ ( ਚਿਗਿਆੜੀਆਂ ) ਨਾਲ ਹੇਠਾਂ ਖੜੀ ਕਣਕ ਦੀ ਪੱਕੀ ਫਸਲ ਨੂੰ ਅੱਗ ਪੈਣ ਕਾਰਨ ਸੈਂਕੜੇ ਏਕੜ ਫਸਲ ਪਲਾਂ ਵਿਚ ਹੀ ਸੜ ਕੇ ਸਵਾਹ ਬਣ ਜਾਂਦੀ ਹੈ।ਉਨਾਂ ਕਿਹਾ ਕਿ ਜੇਕਰ ਪਾਵਰਕਾਮ ਦੇ ਅਧਿਕਾਰੀ ਕਣਕ ਦੀ ਵਢਾਈ ਤੱਕ ਕਿਸਾਨਾਂ ਦੀ ਸਹਾਇਤਾ ਨਾਲ ਪੂਰੀ ਚੌਕਸੀ ਤੇ ਮੁਸ਼ਤੈਦੀ ਨਾਲ ਕੰਮ ਕਰਨ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਜਿਲਾ ਪਟਿਆਲਾ ਦੀ ਤਹਿਸੀਲ ਘਨੌਰ ਅਧੀਨ ਪੈਂਦੇ ਪਿੰਡ ਸੰਧਾਰਸੀ ’ਚ 12 ਅਪ੍ਰੈਲ ਨੂੰ 5 ਏਕੜ ਕਣਕ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।ਕਿਸਾਨਾਂ ਨੇ ਬਿਜਲੀ ਸਪਲਾਈ ਦੀਆਂ ਢਿੱਲੀਆਂ ਤਾਰਾਂ ਆਪਸ ’ਚ ਭਿੜਣ ਕਾਰਨ ਅੱਗ ਲੱਗਣ ਦਾ ਕਾਰਨ ਦੱਸਿਆ ਹੈ। ਉਨਾਂ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅੱਗ ਲੱਗਣ ਕਾਰਨ ਸੜੀਆਂ ਕਣਕਾਂ ਦਾ ਪੂਰਾ ਮੁਆਵਜਾ ਦੇ ਕੇ ਪੀੜਤ ਕਿਸਾਨਾਂ ਦੀ ਬਾਂਹ ਫੜੀ ਜਾਵੇ।